ਵਰਿੰਦਾਵਨ ‘ਚ ਕਿਸ਼ਤੀ ਪਲਟੀ: ਬਚਾਅ ਕਾਰਜ ਜਾਰੀ, ਪਰਿਵਾਰਾਂ ਨੂੰ ਮਿਲੇਗੀ ਆਰਥਿਕ ਸਹਾਇਤਾ
ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਹਰ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ, ਜਦਕਿ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਪ੍ਰਦਾਨ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ, ਮਥੁਰਾ ਦੇ ਵਰਿੰਦਾਵਨ ਵਿੱਚ ਕੇਸੀ ਘਾਟ ‘ਤੇ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਇਹ ਹਾਦਸਾ ਵਾਪਰਿਆ, ਜਦੋਂ 37 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅਚਾਨਕ ਪਲਟ ਗਈ। ਇਸ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇੱਕ ਨੌਜਵਾਨ ਔਰਤ ਸਮੇਤ 5 ਲੋਕ ਅਜੇ ਵੀ ਲਾਪਤਾ ਹਨ। ਬਚਾਅ ਕਾਰਜ ਲਗਾਤਾਰ 20 ਘੰਟਿਆਂ ਤੋਂ ਜਾਰੀ ਹਨ। ਰਾਹਤ ਅਤੇ ਬਚਾਅ ਲਈ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਫੌਜ ਵੱਲੋਂ ਸ਼ੁੱਕਰਵਾਰ ਦੇਰ ਰਾਤ ਹਾਦਸਾਗ੍ਰਸਤ ਕਿਸ਼ਤੀ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆ ਗਿਆ। ਇਹ ਘਟਨਾ ਸ਼੍ਰੀ ਬਾਂਕੇ ਬਿਹਾਰੀ ਮੰਦਰ ਤੋਂ ਲਗਭਗ 2 ਕਿਲੋਮੀਟਰ ਦੂਰ ਵਾਪਰੀ। ਦਿਲ ਦਹਿਲਾ ਦੇਣ ਵਾਲੀ ਗੱਲ ਇਹ ਹੈ ਕਿ ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਇੱਕ ਮਾਂ-ਪੁੱਤਰ, ਚਾਚਾ-ਚਾਚੀ ਅਤੇ ਭੂਆ-ਫੁਫੜ ਵੀ ਸ਼ਾਮਲ ਹਨ, ਜਿਸ ਨਾਲ ਪਰਿਵਾਰ ‘ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ। ਇਸ ਹਾਦਸੇ ਦੇ ਸੰਦਰਭ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਘਬਰਾਹਟ ਨਾ ਫੈਲਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਰਿੰਦਾਵਨ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਲੋਕਾਂ ਦੀ ਸਹਾਇਤਾ ਲਈ ਜਗਰਾਉਂ ਅਤੇ ਲੁਧਿਆਣਾ ਜ਼ਿਲ੍ਹਾ ਹੈੱਡਕੁਆਰਟਰ ਵਿੱਚ 24 ਘੰਟੇ ਚੱਲਣ ਵਾਲੀਆਂ ਹੈਲਪਲਾਈਨਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਐਸ ਡੀ ਐਮ ਜਗਰਾਉਂ ਦਫ਼ਤਰ ਦਾ ਨੰਬਰ 01624-223226 ਅਤੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਦਾ ਨੰਬਰ 0161-2403100 ਸ਼ਾਮਲ ਹਨ।
Posted By: Daily Suraj Bureau