ਅੰਮ੍ਰਿਤਸਰ ਸਰਪੰਚ ਕਤਲ ਮਾਮਲਾ: ਮੁੱਖ ਸ਼ੂਟਰ ਪੁਲਿਸ ਮੁਕਾਬਲੇ ’ਚ ਜ਼ਖ਼ਮੀ
ਹਥਿਆਰ ਬਰਾਮਦਗੀ ਲਈ ਗਈ ਪੁਲੀਸ ਟੀਮ ’ਤੇ ਬਾਈਕ ਸਵਾਰਾਂ ਵੱਲੋਂ ਹਮਲਾ; ਕਾਂਸਟੇਬਲ ਦੀ ਲੱਤ ’ਚ ਗੋਲੀ ਲੱਗੀ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਕਾਬਲੇ ਵਾਲੀ ਥਾਂ ਦਾ ਮੁਆਇਨਾ ਕਰਦੇ ਹੋਏ। ਸਰਪੰਚ ਕਤਲ ਮਾਮਲੇ ਵਿਚ ਛੱਤੀਸਗੜ੍ਹ ਤੋਂ ਗ੍ਰਿਫਤਾਰ ਪ੍ਰਭ ਦਾਸੂਵਾਲ ਗਰੋਹ ਦਾ ਮੁੱਖ ਸ਼ੂਟਰ ਸੁਖਰਾਜ ਸਿੰਘ ਬੁੱਧਵਾਰ ਨੂੰ ਇੱਕ ਪੁਲੀਸ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਅੰਮ੍ਰਿਤਸਰ ਪੁਲੀਸ ਦੀ ਹਿਰਾਸਤ ’ਚੋਂ ਛੁਡਾਉਣ ਦੀ ਕੋਸ਼ਿਸ਼ ਵਿੱਚ ਪੁਲੀਸ ਟੀਮ ’ਤੇ ਗੋਲੀਬਾਰੀ ਕੀਤੀ। ਇਹ ਪੂਰੀ ਘਟਨਾ ਉਦੋਂ ਵਾਪਰੀ ਜਦੋਂ ਪੁਲੀਸ ਸ਼ੂਟਰ ਸੁਖਰਾਜ ਸਿੰਘ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਵੱਲਾ ਇਲਾਮੇ ਵਿਚ ਲੈ ਕੇ ਗਈ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ 4 ਜਨਵਰੀ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਸ਼ੂਟਰਾਂ ਵਿੱਚੋਂ ਇੱਕ ਸੁਖਰਾਜ ਸਿੰਘ ਉਰਫ਼ ਗੂੰਗਾ ਨੂੰ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅਚਾਨਕ ਪੁਲੀਸ ਦੀ ਗੱਡੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਨਾਲ ਟਾਇਰ ਫਟ ਗਿਆ, ਜਿਸ ਕਾਰਨ ਗੱਡੀ ਰੁਕ ਗਈ। ਆਪਣੇ ਆਪ ਨੂੰ ਬਚਾਉਣ ਤੇ ਮੁਲਜ਼ਮਾਂ ਨੂੰ ਭੱਜਣ ਤੋਂ ਰੋਕਣ ਲਈ ਪੁਲੀਸ ਮੁਲਾਜ਼ਮਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਸਦਰ ਪੁਲੀਸ ਥਾਣੇ ਦੇ ਐਸਐਚਓ ਕਿਰਨਦੀਪ ਸਿੰਘ ਨੇ ਆਪਣੇ 9 ਐਮਐਮ ਸਰਵਿਸ ਹਥਿਆਰ ਤੋਂ ਤਿੰਨ ਗੋਲੀਆਂ ਚਲਾਈਆਂ, ਜਦੋਂ ਕਿ ਏਐਸਆਈ ਨਵਤੇਜ ਸਿੰਘ ਨੇ ਆਪਣੀ ਏਕੇ-47 ਤੋਂ ਚਾਰ ਗੋਲੀਆਂ ਚਲਾਈਆਂ। ਮੁਕਾਬਲੇ ਦੌਰਾਨ ਕਾਂਸਟੇਬਲ ਵਰੁਣ ਕੁਮਾਰ ਦੀ ਲੱਤ ਵਿੱਚ ਗੋਲੀ ਲੱਗੀ। ਇਸ ਦੌਰਾਨ ਮੁਲਜ਼ਮ ਸੁਖਰਾਜ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਏਐੱਸਆਈ ਹਰਜਿੰਦਰ ਸਿੰਘ ਵੱਲੋਂ ਚਲਾਈਆਂ ਦੋ ਮੁਲਜ਼ਮ ਨੂੰ ਲੱਗੀਆਂ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਦੋਵੇਂ ਅਣਪਛਾਤੇ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਮੌਕੇ ਤੋਂ .30 ਬੋਰ ਪਿਸਤੌਲ ਬਰਾਮਦ ਕਰਕੇ ਮਕਬੂਲਪੁਰਾ ਪੁਲੀਸ ਥਾਣੇ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦਾ ਇੱਕ ਨਵਾਂ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਕਮਿਸ਼ਨਰੇਟ ਪੁਲੀਸ ਨੇ ਸਾਬਕਾ ਸਰਪੰਚ ਝਰਮਲ ਸਿੰਘ ਦੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਸੀ। ਸਾਬਕਾ ਸਰਪੰਚ ਦੀ 4 ਜਨਵਰੀ ਨੂੰ ਮਜੀਠਾ-ਵੇਰਕਾ ਬਾਈਪਾਸ ’ਤੇ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਨੇ ਖੁਫੀਆ ਜਾਣਕਾਰੀ ਅਤੇ ਅੰਤਰ-ਰਾਜੀ ਪੁਲੀਸ ਦੇ ਤਾਲਮੇਲ ਨਾਲ ਦੋਵਾਂ ਸ਼ੂਟਰਾਂ - ਸੁਖਰਾਜ ਸਿੰਘ ਅਤੇ ਕਰਮਜੀਤ ਸਿੰਘ ਨੂੰ ਰਾਏਪੁਰ, ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕੀਤਾ। ਸ਼ੂਟਰਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ ਮੁਹਾਲੀ ਅਤੇ ਤਰਨ-ਤਾਰਨ ਤੋਂ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲੀਸ ਨੇ ਕਿਹਾ ਕਿ ਸੁਖਰਾਜ ਸਿੰਘ ਉਰਫ਼ ਗੂੰਗਾ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਤਰਨ ਤਾਰਨ ਜ਼ਿਲ੍ਹੇ ਵਿੱਚ ਦਰਜ ਇੱਕ ਹੋਰ ਸਰਪੰਚ ਕਤਲ ਕੇਸ ਵਿੱਚ ਵੀ ਲੋੜੀਂਦਾ ਸੀ।
Posted By: Daily Suraj Bureau