ਰਾਜੀਵ ਟੰਡਨ ਦੀ ਕਾਰ 'ਤੇ ਹਮਲੇ ਮਾਮਲੇ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਤਿੰਨ ਦੀ ਭਾਲ ਜਾਰੀ
ਲੁਧਿਆਣਾ ਦੇ ਭਾਰਤ ਨਗਰ ਚੌਕ ਸਥਿਤ ਫਰੈਂਡਜ਼ ਰੈਜ਼ੀਡੈਂਸੀ ਦੇ ਸਾਹਮਣੇ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਮੁਖੀ ਰਾਜੀਵ ਟੰਡਨ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ ਰਾਜੀਵ ਟੰਡਨ ਵੱਲੋਂ ਕੋਈ ਅਧਿਕਾਰਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਫਿਰ ਵੀ ਪੁਲਿਸ ਨੇ ਖੁਦ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ। ਪੁਲਿਸ ਨੇ ਟੰਡਨ ਦੀ ਕਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਚਾਰ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਦਾਨਿਸ਼ ਕਪੂਰ ਵਜੋਂ ਹੋਈ ਹੈ। ਮੁੱਖ ਮੁਲਜ਼ਮ ਤਰਨਜੋਤ ਅਤੇ ਦੋ ਹੋਰ ਵਿਅਕਤੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 115(2), 132, 221, 351(3) ਅਤੇ 324(4) ਤਹਿਤ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਹਮਲਾਵਰਾਂ ਨੇ ਰਾਜੀਵ ਟੰਡਨ ਦੀ ਪਾਇਲਟ ਕਾਰ 'ਤੇ ਹਮਲਾ ਕਰਕੇ ਉਸ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਵੀ ਧਮਕੀਆਂ ਦਿੱਤੀਆਂ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ-5 ਦੇ ਐਸਆਈ ਪੁਰਸ਼ੋਤਮ ਲਾਲ ਨੇ ਦੱਸਿਆ ਕਿ ਸੋਮਵਾਰ ਨੂੰ ਕੁਝ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਬਾਅਦ ਉਹ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਤੋਂ ਫਿਰੋਜ਼ਪੁਰ ਰੋਡ ਸਥਿਤ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠ ਗਏ। ਇਸ ਦੌਰਾਨ ਸੁਰੱਖਿਆ ਹੇਠ ਇੱਕ ਸਰਕਾਰੀ ਵਾਹਨ ਵਿੱਚ ਰਾਜੀਵ ਟੰਡਨ ਉੱਥੋਂ ਲੰਘ ਰਹੇ ਸਨ, ਪਰ ਧਰਨੇ ਕਾਰਨ ਲੱਗੇ ਜਾਮ ਵਿੱਚ ਉਨ੍ਹਾਂ ਦਾ ਵਾਹਨ ਵੀ ਫਸ ਗਿਆ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਕਾਰ 'ਤੇ ਹਮਲਾ ਕਰ ਦਿੱਤਾ ਅਤੇ ਸ਼ੀਸ਼ਾ ਤੋੜ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਰਾਜੀਵ ਟੰਡਨ ਨੂੰ ਸਖ਼ਤ ਸੁਰੱਖਿਆ ਹੇਠ ਮੌਕੇ ਤੋਂ ਸੁਰੱਖਿਅਤ ਬਾਹਰ ਕੱਢਿਆ।
Posted By: Daily Suraj Bureau