‘ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ’, ਰੁਚਿਕਾ ਸਿੰਘ ਦਾ ਨਵਾਂ ਵੀਡੀਓ ਵਾਇਰਲ
ਜੰਤਰ-ਮੰਤਰ ’ਤੇ ‘ਕੌਕਰੋਚ ਜਨਤਾ ਪਾਰਟੀ’ (CJP) ਦੇ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਮਾਤਾ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਨੂੰ ਲੈ ਕੇ ਚਰਚਾ ਵਿੱਚ ਆਈ 15 ਸਾਲਾ ਰੁਚਿਕਾ ਸਿੰਘ ਇੱਕ ਵਾਰ ਫਿਰ ਇੱਕ ਵੀਡੀਓ ਕਾਰਨ ਸੁਰਖੀਆਂ ਵਿੱਚ ਹੈ। ਨਵੇਂ ਸਾਹਮਣੇ ਆਏ ਵੀਡੀਓ ਵਿੱਚ ਉਹ ਪ੍ਰਧਾਨ ਮੰਤਰੀ ’ਤੇ ਉਸ ਦੀ ਜ਼ਿੰਦਗੀ ‘ਨਰਕ’ ਬਣਾਉਣ ਦੇ ਦੋਸ਼ ਲਗਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਰੁਚਿਕਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਮੋਦੀ ਜੀ, ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਤੁਸੀਂ ਇੱਕ 15 ਸਾਲ ਦੀ ਲੜਕੀ ਨੂੰ ਇੰਨਾ ਪਰੇਸ਼ਾਨ ਕੀਤਾ ਹੈ ਕਿ ਉਸ ਨੂੰ ਹਰ ਜਗ੍ਹਾ ਤੰਗ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਹਰ ਥਾਂ ਆਪਣਾ ਚਿਹਰਾ ਲੁਕਾਉਣਾ ਪੈ ਰਿਹਾ ਹੈ।” ਰੁਚਿਕਾ ਨੇ ਵੀਡੀਓ ਵਿੱਚ ਅੱਗੇ ਕਿਹਾ ਕਿ ਹੁਣ ਉਸ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਅਤੇ ਉਹ ਪਿੱਛੇ ਨਹੀਂ ਹਟੇਗੀ। ਹਾਲਾਂਕਿ, ਇੰਟਰਨੈੱਟ ’ਤੇ ਵਾਇਰਲ ਹੋ ਰਹੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਵੀਡੀਓ ਕਦੋਂ ਅਤੇ ਕਿੱਥੇ ਰਿਕਾਰਡ ਕੀਤਾ ਗਿਆ, ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੁਚਿਕਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਹੱਥ ਜੋੜ ਕੇ ਆਪਣੇ ਬਿਆਨਾਂ ਲਈ ਮੁਆਫ਼ੀ ਮੰਗਦੀ ਦਿਖਾਈ ਦਿੱਤੀ ਸੀ। ਹੁਣ ਸਾਹਮਣੇ ਆਏ ਨਵੇਂ ਵੀਡੀਓ ਵਿੱਚ ਉਹ ਵੱਖਰਾ ਰੁਖ ਅਪਣਾਉਂਦੀ ਹੋਈ ਪਿੱਛੇ ਨਾ ਹਟਣ ਦੀ ਗੱਲ ਕਰ ਰਹੀ ਹੈ। ਨਵੇਂ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਵੱਖ-ਵੱਖ ਹਨ। ਕੁਝ ਲੋਕ ਰੁਚਿਕਾ ਦੇ ਹੌਸਲੇ ਦੀ ਤਾਰੀਫ਼ ਕਰ ਰਹੇ ਹਨ, ਜਦਕਿ ਕੁਝ ਹੋਰ ਉਸ ਦੇ ਰਵੱਈਏ ’ਤੇ ਸਵਾਲ ਚੁੱਕ ਰਹੇ ਹਨ। ਇਸ ਮਾਮਲੇ ਦੀ ਪਿਛੋਕੜ ਵਿੱਚ ਜੁਲਾਈ ਮਹੀਨੇ ਦੌਰਾਨ ਹੋਇਆ ਪ੍ਰਦਰਸ਼ਨ ਵੀ ਸ਼ਾਮਲ ਹੈ। ਪ੍ਰਦਰਸ਼ਨ ਦੌਰਾਨ ਵਰਤੀ ਗਈ ਭਾਸ਼ਾ ਨੂੰ ਲੈ ਕੇ ਨੋਇਡਾ ਵਿੱਚ ਰੁਚਿਕਾ ਖ਼ਿਲਾਫ਼ ਜ਼ੀਰੋ ਐੱਫਆਈਆਰ (Zero FIR) ਦਰਜ ਕੀਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਟ੍ਰੋਲਿੰਗ, ਜਨਤਕ ਦਬਾਅ ਅਤੇ ਪਰੇਸ਼ਾਨੀ ਕਾਰਨ ਰੁਚਿਕਾ ਅਤੇ ਉਸ ਦੀ ਮਾਂ ਨੂੰ ਘਰ ਛੱਡ ਕੇ ਜਾਣਾ ਪਿਆ ਸੀ। ਰੁਚਿਕਾ ਵੱਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਅਤੇ ਪ੍ਰਧਾਨ ਮੰਤਰੀ ਵੱਲੋਂ ਵੀ ਮੁਆਫ਼ ਕਰਨ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਮਾਮਲਾ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ।
Posted By: Daily Suraj Bureau