Daily Suraj

ਪੰਜਾਬੀ

ਕੇਂਦਰੀ ਬਜਟ ਕਿਸਾਨਾਂ ਅਤੇ ਕਿਰਤੀ ਲੋਕਾਂ 'ਤੇ ਘੋਰ ਹਮਲਾ, ਕੋਈ ਐੱਮਐੱਸਪੀ ਨਹੀਂ, ਕੋਈ ਕਰਜ਼ਾ ਮੁਆਫ਼ੀ ਨਹੀਂ, ਮਨਰੇਗਾ ਫੰਡ ਵਿੱਚ ਕੋਈ ਵਾਧਾ ਨਹੀਂ, ਸਗੋਂ ਖਾਦ ਸਬਸਿਡੀ ’ਚ ਕਮੀ, ਬਜਟ ਦੀਆਂ ਕਾਪੀਆਂ ਸਾੜ ਕੇ ਸਾਂਝੇ ਵਿਰੋਧ ਦੀ ਅਪੀਲ : ਬੀਕੇਯੂ ਉਗਰਾਹਾਂ

04 Feb, 2025 05:30 AM

ਐੱਸਏਐੱਸ ਨਗਰ : ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਕੇਂਦਰੀ ਬਜਟ 2025-26 ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਸਮੁੱਚੇ ਕਿਰਤੀ ਲੋਕਾਂ ਤੇ ਘੋਰ ਹਮਲਾ ਗਰਦਾਨਿਆ ਹੈ ਅਤੇ ਸਖ਼ਤ ਵਿਰੋਧ ਕੀਤਾ ਹੈ। ਇਸ ਸਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਹੈ ਕਿ ਇਸ ਕੇਂਦਰੀ ਬਜਟ ’ਚ ਬੀਮਾ ਖੇਤਰ ਦੇ 100 ਫ਼ੀਸਦੀ ਨਿੱਜੀਕਰਨ ਦੇ ਠੋਸ ਪ੍ਰਸਤਾਵ ਸਮੇਤ ਹੋਰ ਕਾਰਪੋਰੇਟ ਕਬਜ਼ਿਆਂ ਅਤੇ ਉਦਾਰੀਕਰਨ ਲਈ ਪ੍ਰਸਤਾਵ ਇਸ ਮੌਕੇ ਖ਼ਤਰਨਾਕ ਹਨ, ਜਦੋਂ ਭਾਰਤੀ ਆਰਥਿਕਤਾ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।

ਖੇਤੀਬਾੜੀ, ਨਿਰਮਾਣ, ਸੇਵਾਵਾਂ ਸਮੇਤ ਸਾਰੇ ਖੇਤਰਾਂ ਤੇ ਕਾਰਪੋਰੇਟ ਕਬਜ਼ਿਆਂ ਦਾ ਆਧਾਰ ਬਣਾਇਆ ਗਿਆ ਹੈ। ਸਾਰੀਆਂ ਫ਼ਸਲਾਂ ਲਈ ਕਾਨੂੰਨੀ ਤੌਰ ਤੇ ਗਾਰੰਟੀਸ਼ੁਦਾ ਐੱਮਐੱਸਪੀਸੀ-2 50 ਫ਼ੀਸਦੀ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਬੇਰਹਿਮੀ ਨਾਲ ਨਜ਼ਰਅੰਦਾਜ਼ ਕੀਤਾ ਹੈ। ਇਸ ਬੇਰਹਿਮੀ ਨੂੰ ਕਾਰਪੋਰੇਟ ਮੁਨਾਫ਼ਿਆਂ ਵਿੱਚ ਲਗਾਤਾਰ ਭਾਰੀ ਵਾਧੇ ਦੇ ਪ੍ਰਸੰਗ ਵਿੱਚ ਦੇਖਣ ਦੀ ਲੋੜ ਹੈ, ਜਿਹੜਾ 2022-23 ਵਿੱਚ 10, 88,000 ਕਰੋੜ ਰੁਪਏ ਤੋਂ ਵਧ ਕੇ 2023-24 ਵਿੱਚ 14, 11,000 ਕਰੋੜ ਰੁਪਏ ਹੋ ਗਿਆ ਸੀ।

ਕਾਰਪੋਰੇਟ ਕੰਪਨੀਆਂ ਨੂੰ ਆਪਣੇ ਵੱਡੇ ਮੁਨਾਫ਼ਿਆਂ ਦਾ ਜਾਇਜ਼ ਹਿੱਸ ਮੁੱਢਲੇ ਉਤਪਾਦਕਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੱਕ ਪਹੁੰਚਾਉਣ ਲਈ ਲਾਭਕਾਰੀ ਫ਼ਸਲੀ ਕੀਮਤਾਂ ਦੇ ਆਧਾਰ ਤੇ ਖ਼ਰੀਦ ਲਈ ਕਾਨੂੰਨੀ ਤੌਰ ਤੇ ਗਾਰੰਟੀਸ਼ੁਦਾ ਮਾਰਕੀਟ ਵਿਧੀ ਨਿਰਧਾਰਤ ਕਰਨ ਤੋਂ ਇਹ ਬਜਟ ਭਗੌੜਾ ਹੈ। ਘੱਟੋ-ਘੱਟ ਸ਼ਬਦਾਂ ’ਚ ਇਹ ਬੇਰਹਿਮ ਅਤੇ ਗ਼ੈਰ-ਵਾਜਬ ਹੈ। ਇਸੇ ਤਰ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕਰਜ਼ਾ ਮੁਕਤੀ ਲਈ ਕੋਈ ਸਕੀਮ ਨਹੀਂ ਹੈ, ਹਾਲਾਂਕਿ ਸੰਸਦੀ ਕਮੇਟੀ ਨੇ ਇਸ ਦੀ ਸਿਫ਼ਾਰਸ਼ ਕੀਤੀ ਹੈ।

ਪਿਛਲੇ ਦੋ ਸਾਲਾਂ ਦੌਰਾਨ ਵਪਾਰਕ ਬੈਂਕਾਂ ਨੇ ਕਾਰਪੋਰੇਟਾਂ ਦੇ ਕ੍ਰਮਵਾਰ 2, 09,144 ਕਰੋੜ ਅਤੇ 1,70, 000 ਕਰੋੜ ਰੁਪਏ ਦੇ ਕਰਜ਼ਿਆਂ ਤੇ ਕਾਟੇ ਮਾਰੇ ਹਨ, ਜਿਨ੍ਹਾਂ ਕੋਲ ਸਰਮਾਇਆ ਅੱਗ ਲਾਇਆ ਨਹੀਂ ਮੁੱਕਦਾ, ਜਦੋਂਕਿ ਭਾਰਤ ਵਿੱਚ ਕਰਜ਼ੇ ਕਾਰਨ ਰੋਜ਼ਾਨਾ 31 ਕਿਸਾਨ/ਖੇਤ ਮਜ਼ਦੂਰ ਖ਼ੁਦਕੁਸ਼ੀਆਂ ਦਾ ਸ਼ਿਕਾਰ ਬਣ ਰਹੇ ਹਨ।

 ਵਿੱਤ ਮੰਤਰੀ ਦੇ ਸ਼ਬਦਾਂ ਵਿੱਚ ਅਰਥਵਿਵਸਥਾ ਦਾ ਪਹਿਲਾ ਇੰਜਣ ਖੇਤੀਬਾੜੀ ਅਤੇ ਸਹਾਇਕ ਖੇਤਰ ਲਈ ਅਨੁਮਾਨਤ ਰਕਮ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇਸੇ ਤਰ੍ਹਾਂ ਫ਼ਸਲ ਬੀਮੇ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਫਲੈਗਸ਼ਿਪ ਪ੍ਰੋਗਰਾਮ ਲਈ ਬਜਟ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ 2024-25 ਦੇ 16864.00 ਕਰੋੜ ਵਿੱਚ 3621.73 ਕਰੋੜ ਰੁਪਏ ਕਟੌਤੀ ਕਰਕੇ 2025-26 ਵਿੱਚ 12,242.27 ਕਰੋੜ ਰੁਪਏ ਹੀ ਰੱਖੇ ਗਏ ਹਨ।

ਮਨਰੇਗਾ ਵਾਸਤੇ 2025-26 ’ਚ ਮਾਮੂਲੀ ਵਾਧਾ ਸਿਰਫ਼ 148.94 ਕਰੋੜ ਰੁਪਏ ਹੈ। ਐੱਸਕੇਐੱਮ ਦੀ ਮੰਗ ਹੈ ਕਿ 600 ਰੁਪਏ ਪ੍ਰਤੀ ਦਿਨ ਦੀ ਉਜਰਤ ਦੇ ਨਾਲ 200 ਕੰਮ ਵਾਲੇ ਦਿਨ ਯਕੀਨੀ ਬਣਾਉਣ ਲਈ 1,70,000 ਕਰੋੜ ਰੁਪਏ ਰੱਖੇ ਜਾਣ। ਐੱਸਕੇਐੱਮ ਵੱਲੋਂ ਪੂਰੇ ਭਾਰਤ ਵਿੱਚ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਗਰੀਬ ਵਿਰੋਧੀ ਅਤੇ ਕਾਰਪੋਰੇਟ ਪੱਖੀ ਬਜਟ 2025-26 ਦੀਆਂ ਕਾਪੀਆਂ ਸਾੜਨ ਦੇ ਸੱਦੇ ਨੂੰ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਤਹਿਸੀਲ ਬਲਾਕ ਪੱਧਰ ਤੇ ਲਾਗੂ ਕੀਤਾ ਜਾਵੇਗਾ।

Posted By: Daily Suraj Bureau

Latest News