Daily Suraj

ਪੰਜਾਬੀ

ਪ੍ਰਸ਼ਾਸਨਿਕ ਅਣਦੇਖੀ ਕਾਰਨ ਖੰਡਰ ਬਣ ਰਿਹਾ ਸਦੀਆਂ ਪੁਰਾਣਾ ਬੁਰਜ, ਸੰਭਾਲ ਦੀ ਮੰਗ ਤੇਜ਼

17 Jul, 2026 04:44 PM

ਥਾਂਦੇਵਾਲਾ ਰੋਡ 'ਤੇ ਸਥਿਤ ਸਦੀਆਂ ਪੁਰਾਣਾ ਇਤਿਹਾਸਕ ਬੁਰਜ ਪ੍ਰਸ਼ਾਸਨਿਕ ਅਣਦੇਖੀ ਕਾਰਨ ਦਿਨੋ-ਦਿਨ ਖੰਡਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਰਾਸਤੀ ਨਿਸ਼ਾਨੀ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ, ਪਰ ਇਸ ਦੀ ਸੰਭਾਲ ਵੱਲ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਗਿਆ। ਸਥਾਨਕ ਜਾਣਕਾਰੀ ਅਨੁਸਾਰ ਬੁਰਜ ਦੇ ਆਲੇ-ਦੁਆਲੇ ਸਮੇਂ ਦੇ ਨਾਲ ਉਸਾਰੀਆਂ ਅਤੇ ਖੇਤੀਬਾੜੀ ਹੋ ਜਾਣ ਕਾਰਨ ਇਸ ਤੱਕ ਪਹੁੰਚਣ ਲਈ ਕੋਈ ਰਸਤਾ ਨਹੀਂ ਬਚਿਆ। ਅਜਿਹੇ ਹਾਲਾਤਾਂ ਵਿੱਚ ਜੇਕਰ ਕੋਈ ਵਿਅਕਤੀ ਇਸ ਇਤਿਹਾਸਕ ਧਰੋਹਰ ਨੂੰ ਵੇਖਣ ਲਈ ਵੀ ਆਉਂਦਾ ਹੈ ਤਾਂ ਉਹ ਬੁਰਜ ਤੱਕ ਪਹੁੰਚ ਨਹੀਂ ਸਕਦਾ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਸ ਤਰ੍ਹਾਂ ਦੇ ਬੁਰਜ 17ਵੀਂ ਤੋਂ 19ਵੀਂ ਸਦੀ ਦੇ ਦਰਮਿਆਨ ਤਤਕਾਲੀ ਰਾਜਿਆਂ ਵੱਲੋਂ ਬਣਵਾਏ ਜਾਂਦੇ ਸਨ। ਇਨ੍ਹਾਂ ਦਾ ਉਦੇਸ਼ ਸ਼ਾਹੀ ਫ਼ਰਮਾਨ ਲੈ ਕੇ ਜਾਣ ਵਾਲੇ ਹਰਕਾਰਿਆਂ ਅਤੇ ਜੰਗਾਂ ਜਾਂ ਯੁੱਧਾਂ ਦੌਰਾਨ ਫ਼ੌਜਾਂ ਨੂੰ ਦਿਸ਼ਾ-ਨਿਰਦੇਸ਼ ਮੁਹੱਈਆ ਕਰਵਾਉਣਾ ਸੀ, ਤਾਂ ਜੋ ਉਹ ਇਨ੍ਹਾਂ ਬੁਰਜਾਂ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਅੱਗੇ ਵੱਧ ਸਕਣ। ਬਣਾਵਟ ਦੇ ਹਿਸਾਬ ਨਾਲ ਇਹ ਬੁਰਜ ਨਾਨਕਸ਼ਾਹੀ ਇੱਟਾਂ, ਕਲੀ ਅਤੇ ਚੂਨੇ ਦੀ ਮਦਦ ਨਾਲ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ ਨਾਨਕਸ਼ਾਹੀ ਇੱਟਾਂ ਦੇ ਨਾਲ ਚੀਕਣੀ ਮਿੱਟੀ ਦੀਆਂ ਬਣੀਆਂ ਇੱਟਾਂ ਦੀ ਵੀ ਵਰਤੋਂ ਕੀਤੀ ਗਈ ਹੈ। ਸਦੀਆਂ ਬੀਤ ਜਾਣ ਦੇ ਬਾਵਜੂਦ ਇਹ ਢਾਂਚਾ ਮੀਂਹ, ਹਨੇਰੀ ਅਤੇ ਝੱਖੜਾਂ ਦਾ ਸਾਹਮਣਾ ਕਰਦੇ ਹੋਏ ਅਜੇ ਵੀ ਮਜ਼ਬੂਤੀ ਨਾਲ ਖੜ੍ਹਾ ਹੈ। ਸਾਬਕਾ ਮਾਲ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਬੁਰਜ ਬਹੁਤ ਪੁਰਾਣਾ ਹੈ। ਉਨ੍ਹਾਂ ਦੇ ਅਨੁਸਾਰ ਪਹਿਲਾਂ ਇਸ ਸਥਾਨ 'ਤੇ ਇੱਕ ਵੱਡਾ ਟਿੱਬਾ ਹੁੰਦਾ ਸੀ, ਪਰ ਸਮੇਂ ਦੇ ਨਾਲ ਇਲਾਕਾ ਆਬਾਦ ਹੋਣ ਕਾਰਨ ਟਿੱਬਾ ਖ਼ਤਮ ਹੋ ਗਿਆ, ਜਦਕਿ ਇਹ ਇਤਿਹਾਸਕ ਬੁਰਜ ਅਜੇ ਵੀ ਮੌਜੂਦ ਹੈ। ਪੁਰਾਤਨ ਵਿਰਸੇ ਨਾਲ ਜੁੜੀਆਂ ਸ਼ਖ਼ਸੀਅਤਾਂ ਡਾ. ਸੀਮਾ ਗੋਇਲ, ਅੰਮ੍ਰਿਤਪਾਲ ਸਿੰਘ, ਰਣਜੀਤ ਸਿੰਘ ਥਾਂਦੇਵਾਲਾ, ਕਾਮਰੇਡ ਖ਼ਰੈਤੀ ਲਾਲ ਅਤੇ ਜਸਕਰਨ ਭਲਾਈਆਣਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬੁਰਜ ਨੂੰ ਪੁਰਾਤੱਤਵ ਵਿਭਾਗ ਦੀ ਸਹਾਇਤਾ ਨਾਲ ਸੰਭਾਲਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਰਾਸਤੀ ਨਿਸ਼ਾਨੀ ਦੀ ਸੁਰੱਖਿਆ ਨਾਲ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਅਤੇ ਸੱਭਿਆਚਾਰਕ ਵਿਰਸੇ ਨਾਲ ਜਾਣੂ ਹੋ ਸਕਣਗੀਆਂ।

Posted By: Daily Suraj Bureau

Latest News