ਅੰਮ੍ਰਿਤਸਰ ਵਿੱਚ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼, ਤਿੰਨ ਮੁਲਜ਼ਮ ਕਾਬੂ
ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਤਿੰਨ ਮੁਲਜ਼ਮਾਂ ਨੂੰ ਛੇ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ Gaurav Yadav ਵੱਲੋਂ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ ਮੰਗਾ (30), ਵਾਸੀ ਪਿੰਡ ਕਾਜੀਕੋਟ ਜ਼ਿਲ੍ਹਾ ਤਰਨਤਾਰਨ; ਪ੍ਰਣਵ ਸ਼ਰਮਾ ਉਰਫ ਲੱਡੂ (24), ਵਾਸੀ ਆਰਚਿਡ ਵੈਲੀ, ਛੇਹਰਟਾ ਅੰਮ੍ਰਿਤਸਰ ਅਤੇ ਗੌਰਵ ਰਾਣਾ (25), ਵਾਸੀ ਗੁਰੂ ਨਾਨਕ ਐਵੀਨਿਊ ਅੰਮ੍ਰਿਤਸਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਚੀਨ ਵਿੱਚ ਬਣੇ .30 ਬੋਰ ਪਿਸਤੌਲ, ਇੱਕ ਜ਼ਿਗਾਨਾ .30 ਬੋਰ ਅਤੇ ਤਿੰਨ ਹੋਰ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਡੀਜੀਪੀ Gaurav Yadav ਦੇ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਸੰਪਰਕ ਵਿੱਚ ਸਨ।
ਉਨ੍ਹਾਂ ਦੱਸਿਆ ਕਿ ਇਹ ਗੈਰ-ਕਾਨੂੰਨੀ ਹਥਿਆਰ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਜਾਂਦੇ ਸਨ ਅਤੇ ਦੋਸ਼ੀ ਇਹ ਖੇਪਾਂ ਪ੍ਰਾਪਤ ਕਰਕੇ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਅਤੇ ਇਸ ਨਾਲ ਜੁੜੇ ਹੋਰ ਸਬੰਧਾਂ ਦੀ ਜਾਂਚ ਲਈ ਅੱਗੇ ਦੀ ਤਫਤੀਸ਼ ਜਾਰੀ ਹੈ। ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ Gurpreet Singh Bhullar ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਪਹਿਲਾਂ ਮੰਗਲ ਸਿੰਘ ਉਰਫ ਮੰਗਾ ਨੂੰ ਇੱਕ .30 ਬੋਰ ਪਿਸਤੌਲ ਸਮੇਤ ਕਾਬੂ ਕੀਤਾ। ਉਸਦੀ ਪੁੱਛਗਿੱਛ ਦੇ ਆਧਾਰ ‘ਤੇ ਸਹਿ-ਮੁਲਜ਼ਮ ਪ੍ਰਣਵ ਸ਼ਰਮਾ ਉਰਫ ਲੱਡੂ ਅਤੇ ਗੌਰਵ ਰਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਹੋਰ ਪਿਸਤੌਲ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪ੍ਰਣਵ ਉਰਫ ਲੱਡੂ ਅਤੇ ਗੌਰਵ ਰਾਣਾ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਹਨ ਅਤੇ ਉਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਪਹਿਲਾਂ ਵੀ ਮਾਮਲੇ ਦਰਜ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਦੋਸ਼ੀ ਥਾਣਾ ਰਣਜੀਤ ਐਵੇਨਿਊ ਵਿੱਚ ਦਰਜ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੇ ਮਾਮਲੇ ਵਿੱਚ ਵੀ ਲੋੜੀਂਦੇ ਸਨ। ਇਸ ਸਬੰਧੀ ਐਫਆਈਆਰ ਨੰਬਰ 54, ਮਿਤੀ 4 ਅਪ੍ਰੈਲ 2026 ਨੂੰ ਅੰਮ੍ਰਿਤਸਰ ਦੇ ਥਾਣਾ ਛਾਉਣੀ ਵਿੱਚ ਅਸਲਾ ਐਕਟ ਦੀ ਧਾਰਾ 25 (6, 7, 8) ਅਧੀਨ ਦਰਜ ਕੀਤੀ ਗਈ ਹੈ।
Posted By: Daily Suraj Bureau