Daily Suraj

ਪੰਜਾਬੀ

ਸੋਸ਼ਲ ਮੀਡੀਆ ‘ਤੇ ਜਾਲਸਾਜ਼ੀ ਕਰਕੇ ਪੈਸੇ ਵਸੂਲਣ ਵਾਲਾ ਰੈਕੇਟ ਫੜਿਆ, 3.49 ਲੱਖ ਰੁਪਏ ਤੇ 500 ਡਾਲਰ ਬਰਾਮਦ

10 Mar, 2026 05:55 PM

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਇੱਕ ਅੰਤਰ-ਰਾਜੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਅਣਜਾਣ ਲੋਕਾਂ ਨਾਲ ਸੰਪਰਕ ਕਰਦਾ ਅਤੇ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਭਾਰਗਵ, ਆਕਾਸ਼ ਭਾਰਗਵ ਉਰਫ਼ ਅਮਨ ਅਤੇ ਲੱਕੀ ਭਾਰਗਵ ਵਜੋਂ ਹੋਈ ਹੈ। ਇਹ ਤਿੰਨੇ ਭਰਾ ਹਨ ਅਤੇ ਰਾਜਸਥਾਨ ਦੇ ਝੁੰਝੁਨੂ ਦੇ ਵਸਨੀਕ ਹਨ। ਮੌਜੂਦਾ ਸਮੇਂ ਇਹ ਸੈਕਟਰ-70, ਐਸਏਐਸ ਨਗਰ (ਮੋਹਾਲੀ) ਵਿੱਚ ਰਹਿ ਰਹੇ ਸਨ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3.49 ਲੱਖ ਰੁਪਏ ਦੀ ਨਕਦੀ, 500 ਅਮਰੀਕੀ ਡਾਲਰ, 29 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਡੌਂਗਲ, ਇੱਕ ਟੈਬਲੇਟ ਅਤੇ 38 ਮੋਬਾਈਲ ਫੋਨਾਂ ਦੇ ਖਾਲੀ ਡੱਬੇ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਦੇ ਅਨੁਸਾਰ ਮੁਲਜ਼ਮਾਂ ਨੇ ਇੰਸਟਾਗ੍ਰਾਮ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਔਰਤਾਂ ਦੇ ਨਾਮ ਨਾਲ ਫਰਜ਼ੀ ਪ੍ਰੋਫਾਈਲ ਬਣਾਏ ਹੋਏ ਸਨ। ਇਨ੍ਹਾਂ ਰਾਹੀਂ ਉਹ ਆਪਣੇ ਟਾਰਗੇਟ ਨਾਲ ਸੰਪਰਕ ਕਰਦੇ ਅਤੇ ਉਨ੍ਹਾਂ ਦਾ ਭਰੋਸਾ ਜਿੱਤਦੇ ਸਨ। ਭਰੋਸਾ ਬਣਾਉਣ ਲਈ ਦੋਸ਼ੀ ਵੌਇਸ-ਚੇਂਜਿੰਗ ਸਾਫਟਵੇਅਰ ਦੀ ਮਦਦ ਨਾਲ ਔਰਤਾਂ ਵਰਗੀ ਆਵਾਜ਼ ਵੀ ਵਰਤਦੇ ਸਨ। ਇਸ ਤੋਂ ਬਾਅਦ ਉਹ ਪੀੜਤਾਂ ਨੂੰ ਏਆਈ ਨਾਲ ਤਿਆਰ ਕੀਤੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਜਾਰੀ ਕਰਨ ਦੀ ਧਮਕੀ ਦੇ ਕੇ ਪੈਸੇ ਵਸੂਲਦੇ ਸਨ। ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਇਹ ਕੇਸ ਇੱਕ ਪੀੜਤ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਪੀੜਤ ਦੇ ਨਾਲ 2023 ਤੋਂ 2025 ਦੇ ਵਿਚਕਾਰ ਉਸ ਸਮੇਂ ਲਗਭਗ 3.10 ਲੱਖ ਰੁਪਏ ਦੀ ਠੱਗੀ ਹੋਈ ਜਦੋਂ ਉਹ ਕੈਨੇਡਾ ਵਿੱਚ ਰਹਿ ਰਹੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਰੈਕੇਟ ਦਾ ਸਰਗਨਾ ਆਕਾਸ਼ ਭਾਰਗਵ ਹੈ, ਜਿਸ ਨੇ ਦੋ ਸਾਲ ਪਹਿਲਾਂ ਇਹ ਤਰੀਕਾ ਤਿਆਰ ਕੀਤਾ ਸੀ। ਮੁਲਜ਼ਮ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਅਤੇ ਕਈ ਵਾਰ ਨਕਲੀ ਧਾਰਮਿਕ ਗੁਰੂ ਜਾਂ ਜੋਤਸ਼ੀ ਬਣ ਕੇ ਵੀ ਲੋਕਾਂ ਨੂੰ ਠੱਗਦੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਇਸ ਤਰੀਕੇ ਨਾਲ ਲਗਭਗ 40 ਲੱਖ ਰੁਪਏ ਦੀ ਠੱਗੀ ਕਰ ਚੁੱਕੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਅਤੇ ਸਾਈਬਰ ਧੋਖਾਧੜੀ ਦੇ ਹੋਰ ਪੀੜਤਾਂ ਦੀ ਪਛਾਣ ਲਈ ਜਾਂਚ ਜਾਰੀ ਹੈ। ਇਸ ਸਬੰਧੀ ਐਫਆਈਆਰ ਨੰਬਰ 14 ਮਿਤੀ 08 ਅਗਸਤ 2025 ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(2) ਅਤੇ 61(2) ਅਤੇ ਆਈਟੀ ਐਕਟ ਦੀ ਧਾਰਾ 67 ਤਹਿਤ ਥਾਣਾ ਸਟੇਟ ਸਾਈਬਰ ਕ੍ਰਾਈਮ, ਮੋਹਾਲੀ ਵਿੱਚ ਦਰਜ ਕੀਤੀ ਗਈ ਹੈ।

Posted By: Daily Suraj Bureau

Latest News