ਆਈਪੀਐਲ 2026 ‘ਚ ਅੱਜ ਦੋ ਵੱਡੇ ਮੁਕਾਬਲੇ, ਪਹਿਲਾ ਬੰਗਲੌਰ ਵਿਰੁੱਧ ਦਿੱਲੀ
ਆਈਪੀਐਲ 2026 ਦੇ ਤਹਿਤ ਅੱਜ ਦੋ ਮੁਕਾਬਲੇ ਖੇਡੇ ਜਾਣਗੇ, ਜਿਨ੍ਹਾਂ ਵਿੱਚ ਪਹਿਲਾ ਮੈਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਅਤੇ ਦਿੱਲੀ ਕੈਪੀਟਲਜ਼ (ਡੀਸੀ) ਵਿਚਾਲੇ ਹੋਵੇਗਾ। ਇਹ ਮੈਚ ਬੰਗਲੌਰ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੁਕਾਬਲਾ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ 3 ਵਜੇ ਹੋਵੇਗਾ। ਆਰਸੀਬੀ ਆਪਣੀ ਘਰੇਲੂ ਮੈਦਾਨ ‘ਤੇ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਟੀਮ ਦੀ ਗੇਂਦਬਾਜ਼ੀ ਯੂਨਿਟ ਜੋਸ਼ ਹੇਜ਼ਲਵੁੱਡ ਦੀ ਅਗਵਾਈ ਵਿੱਚ ਮਜ਼ਬੂਤ ਦਿਖਾਈ ਦੇ ਰਹੀ ਹੈ। ਉਪ-ਕਪਤਾਨ ਜਿਤੇਸ਼ ਸ਼ਰਮਾ ਨੇ ਕਿਹਾ ਕਿ ਟੀਮ ਨੇ ਚਿੰਨਾਸਵਾਮੀ ਪਿੱਚ ਦੇ ਅਨੁਕੂਲ ਆਪਣੀ ਰਣਨੀਤੀ ਤਿਆਰ ਕੀਤੀ ਹੈ, ਜਿਸ ਕਰਕੇ ਉਹ ਇਸ ਸੀਜ਼ਨ ਵਿੱਚ ਘਰੇਲੂ ਮੈਦਾਨ ‘ਤੇ ਅਜੇਤੂ ਰਹੇ ਹਨ। ਦੂਜੇ ਪਾਸੇ, ਦਿੱਲੀ ਕੈਪੀਟਲਜ਼ ਲਈ ਇਹ ਮੁਕਾਬਲਾ ਚੁਣੌਤੀਭਰਿਆ ਰਹਿ ਸਕਦਾ ਹੈ। ਜੇਕਰ ਦਿੱਲੀ ਦੇ ਬੱਲੇਬਾਜ਼ ਆਪਣੀ ਤਕਨੀਕ ਵਿੱਚ ਸੁਧਾਰ ਨਹੀਂ ਕਰਦੇ, ਤਾਂ ਮੈਚ ਇੱਕ ਪੱਖੀ ਹੋਣ ਦੀ ਸੰਭਾਵਨਾ ਹੈ। ਦੋਵਾਂ ਟੀਮਾਂ ਦੇ ਆਪਸੀ ਮੁਕਾਬਲਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਖੇਡੇ ਗਏ 33 ਮੈਚਾਂ ਵਿੱਚੋਂ ਆਰਸੀਬੀ ਨੇ 19 ਜਿੱਤ ਦਰਜ ਕੀਤੀਆਂ ਹਨ, ਜਦਕਿ ਡੀਸੀ ਨੇ 12 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਹੈ ਅਤੇ ਇੱਕ ਮੈਚ ਬਿਨਾਂ ਨਤੀਜੇ ਦੇ ਖਤਮ ਹੋਇਆ। ਪਿਛਲੇ ਸਾਲ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਦੋ ਮੈਚਾਂ ਵਿੱਚ ਦੋਵਾਂ ਨੇ ਇੱਕ-ਇੱਕ ਜਿੱਤ ਹਾਸਲ ਕੀਤੀ ਸੀ।
Posted By: Daily Suraj Bureau