ਲਹਿਰਾਗਾਗਾ ਨੇੜੇ ਗਊ ਵੰਸ਼ ਨਾਲ ਭਰਿਆ ਕੈਂਟਰ ਕਾਬੂ, 14 ਗਊਆਂ ਬਚਾਈਆਂ; ਦੋ ਵਿਅਕਤੀ ਫ਼ਰਾਰ
ਗੁਪਤ ਸੂਚਨਾ ਦੇ ਆਧਾਰ 'ਤੇ ਪਟਿਆਲਾ, ਪਾਤੜਾਂ ਅਤੇ ਲਹਿਰਾਗਾਗਾ ਦੀਆਂ ਟੀਮਾਂ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਗਊ ਵੰਸ਼ ਨਾਲ ਭਰਿਆ ਇੱਕ ਕੈਂਟਰ ਕਾਬੂ ਕਰਕੇ 14 ਗਊਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਹਾਲਾਂਕਿ ਕੈਂਟਰ ਵਿੱਚ ਸਵਾਰ ਦੋ ਕਥਿਤ ਤਸਕਰ ਵਾਹਨ ਛੱਡ ਕੇ ਹਨੇਰੇ ਦਾ ਫ਼ਾਇਦਾ ਚੁੱਕਦਿਆਂ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੈਂਟਰ ਨੰਬਰ HP-73A-5032 ਖੋਖਰ ਕਲਾਂ ਤੋਂ ਗਊ ਵੰਸ਼ ਲੋਡ ਕਰਕੇ ਰਵਾਨਾ ਹੋਣ ਵਾਲਾ ਹੈ। ਸੂਚਨਾ ਮਿਲਣ ਉਪਰੰਤ ਪਟਿਆਲਾ ਅਤੇ ਪਾਤੜਾਂ ਦੀਆਂ ਟੀਮਾਂ ਨੇ ਖੋਖਰ ਕਲਾਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕੈਂਟਰ ਲੋਡ ਹੋਣ ਤੋਂ ਬਾਅਦ ਟੀਮਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਚਾਲਕ ਨੂੰ ਵਾਹਨ ਰੋਕਣ ਦਾ ਇਸ਼ਾਰਾ ਕੀਤਾ, ਪਰ ਉਹ ਕੈਂਟਰ ਨੂੰ ਤੇਜ਼ ਰਫ਼ਤਾਰ ਨਾਲ ਭਜਾ ਕੇ ਲੈ ਗਿਆ। ਇਸ ਦੌਰਾਨ ਲਹਿਰਾਗਾਗਾ ਦੀ ਟੀਮ ਨੇ ਨਹਿਰ ਨੇੜੇ ਨਾਕਾ ਲਗਾ ਕੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੈਂਟਰ ਰੁਕਣ ਤੋਂ ਬਾਅਦ ਉਸ ਵਿੱਚ ਸਵਾਰ ਦੋ ਵਿਅਕਤੀ ਵਾਹਨ ਛੱਡ ਕੇ ਹਨੇਰੇ ਦਾ ਲਾਭ ਲੈਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਕੀਤੀ ਗਈ ਤਲਾਸ਼ੀ ਦੌਰਾਨ ਕੈਂਟਰ ਵਿੱਚੋਂ 14 ਗਊ ਵੰਸ਼ ਬਰਾਮਦ ਹੋਏ, ਜਿਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਲਹਿਰਾਗਾਗਾ ਦੀ ਗਊਸ਼ਾਲਾ ਵਿੱਚ ਪਹੁੰਚਾ ਦਿੱਤਾ ਗਿਆ। ਇਸ ਸਾਂਝੀ ਕਾਰਵਾਈ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਡਾ. ਮੁਕੇਸ਼ ਅਤੇ ਲਹਿਰਾਗਾਗਾ ਪ੍ਰਧਾਨ ਕੁਲਦੀਪ ਕੁਮਾਰ (ਕਾਲਾ ਟੇਲਰ) ਨੇ ਕੀਤੀ। ਉਨ੍ਹਾਂ ਮੰਗ ਕੀਤੀ ਕਿ ਫ਼ਰਾਰ ਮੁਲਜ਼ਮਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
Posted By: Daily Suraj Bureau