ਦਿੱਲੀ PG ਹਾਦਸੇ ਤੋਂ ਬਾਅਦ MCD ਦਾ ਵੱਡਾ ਐਕਸ਼ਨ: ਪੂਰੀ ਦਿੱਲੀ 'ਚ ਇਮਾਰਤਾਂ ਦੀ ਜਾਂਚ ਦੇ ਹੁਕਮ, 10 ਸਤੰਬਰ ਤੱਕ ਮੰਗੀ ਰਿਪੋਰਟ
ਦਿੱਲੀ ਦੇ ਸਤਿਆ ਨਿਕੇਤਨ 'ਚ ਵਾਪਰੇ ਦਰਦਨਾਕ ਇਮਾਰਤ ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗਮ (MCD) ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਨਗਰ ਨਿਗਮ ਨੇ ਪੂਰੀ ਦਿੱਲੀ ਵਿੱਚ ਇਮਾਰਤਾਂ ਦੀ ਸੁਰੱਖਿਆ ਅਤੇ ਸਥਿਤੀ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। MCD ਵੱਲੋਂ ਸਾਰੇ ਜ਼ੋਨਾਂ ਦੇ ਬਿਲਡਿੰਗ ਵਿਭਾਗ ਨਾਲ ਸਬੰਧਤ ਐਗਜ਼ੀਕਿਊਟਿਵ ਇੰਜੀਨੀਅਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ-ਆਪਣੇ ਇਲਾਕਿਆਂ ਵਿੱਚ ਇਮਾਰਤਾਂ ਦਾ ਵਿਸ਼ੇਸ਼ ਨਿਰੀਖਣ ਕਰਨ ਅਤੇ 10 ਸਤੰਬਰ ਤੱਕ ਆਪਣੀ ਰਿਪੋਰਟ ਸੌਂਪਣ।ਇਹ ਕਾਰਵਾਈ ਐਤਵਾਰ ਨੂੰ ਸਤਿਆ ਨਿਕੇਤਨ 'ਚ ਵਾਪਰੇ ਹਾਦਸੇ ਤੋਂ ਬਾਅਦ ਕੀਤੀ ਜਾ ਰਹੀ ਹੈ, ਜਿੱਥੇ ਇੱਕ ਪੰਜ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ ਸੀ। ਇਸ ਹਾਦਸੇ 'ਚ 7 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 6 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਨਗਰ ਨਿਗਮ ਵੱਲੋਂ ਇਸ ਜਾਂਚ ਦੌਰਾਨ ਇਕੱਠੀ ਕੀਤੀ ਜਾਣ ਵਾਲੀ ਸਮੁੱਚੀ ਜਾਣਕਾਰੀ ਨੂੰ ਇੱਕ ਹਲਫ਼ਨਾਮੇ ਰਾਹੀਂ 10 ਦਿਨਾਂ ਦੇ ਅੰਦਰ ਦਿੱਲੀ ਹਾਈਕੋਰਟ 'ਚ ਦਾਖ਼ਲ ਕੀਤਾ ਜਾਵੇਗਾ। ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ MCD ਦੇ ਅੰਕੜਿਆਂ ਅਨੁਸਾਰ ਇਸੇ ਸਾਲ ਦੀ ਸ਼ੁਰੂਆਤ ਵਿੱਚ ਵੀ ਦਿੱਲੀ ਵਿੱਚ ਇੱਕ ਵੱਡੇ ਪੱਧਰ 'ਤੇ ਸਰਵੇਖਣ ਕਰਵਾਇਆ ਗਿਆ ਸੀ। ਉਸ ਸਰਵੇ ਦੌਰਾਨ ਕੁੱਲ 27 ਲੱਖ 84 ਹਜ਼ਾਰ 286 ਇਮਾਰਤਾਂ ਦੀ ਜਾਂਚ ਕੀਤੀ ਗਈ ਸੀ, ਪਰ ਉਸ ਸਮੇਂ ਇਨ੍ਹਾਂ ਵਿੱਚੋਂ ਸਿਰਫ਼ 19 ਇਮਾਰਤਾਂ ਨੂੰ ਹੀ ਖ਼ਤਰਨਾਕ ਸ਼੍ਰੇਣੀ ਵਿੱਚ ਪਾਇਆ ਗਿਆ ਸੀ। ਹੁਣ ਸਤਿਆ ਨਿਕੇਤਨ ਹਾਦਸੇ ਤੋਂ ਬਾਅਦ MCD ਵੱਲੋਂ ਮੁੜ ਤੋਂ ਵਿਆਪਕ ਪੱਧਰ 'ਤੇ ਇਮਾਰਤਾਂ ਦੀ ਸੁਰੱਖਿਆ ਜਾਂਚ ਕਰਵਾਈ ਜਾ ਰਹੀ ਹੈ।ਦੂਜੇ ਪਾਸੇ, ਪੀਜੀ (PG) ਹਾਦਸੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਸਤਿਆ ਨਿਕੇਤਨ ਵਿੱਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਦੇ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਪ੍ਰਾਪਰਟੀ ਮਾਲਕ ਉਰਮਿਲਾ ਗੁਪਤਾ, ਉਨ੍ਹਾਂ ਦੇ ਪਤੀ ਹਰੀਰਾਮ ਗੁਪਤਾ ਅਤੇ ਪੁੱਤਰ ਮਹੇਸ਼ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Posted By: Daily Suraj Bureau