ਹੁਬਲੀ ਲੈਂਡਿੰਗ ਨਾ ਹੋ ਸਕੀ, Fly-91 ਦੀ ਉਡਾਣ ਨੇ ਲਗਾਏ ਚੱਕਰ, ਬਾਅਦ ਵਿੱਚ ਬੰਗਲੁਰੂ ਉਤਰੀ
ਹੈਦਰਾਬਾਦ ਤੋਂ ਹੁਬਲੀ ਜਾ ਰਹੀ Fly-91 ਏਅਰਲਾਈਨ ਦੀ ਫਲਾਈਟ (IC3401) ਨੂੰ ਖਰਾਬ ਮੌਸਮ ਕਾਰਨ ਬੰਗਲੁਰੂ ਵੱਲ ਮੋੜਨਾ ਪਿਆ। ਇਹ ਘਟਨਾ ਐਤਵਾਰ ਨੂੰ ਵਾਪਰੀ ਸੀ, ਜਿਸ ਬਾਰੇ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ ਹੈ। ਉਡਾਣ ਦੁਪਹਿਰ ਕਰੀਬ 3 ਵਜੇ ਹੈਦਰਾਬਾਦ ਤੋਂ ਰਵਾਨਾ ਹੋਈ ਸੀ ਅਤੇ ਇਸ ਨੂੰ ਸ਼ਾਮ ਲਗਭਗ 4:30 ਵਜੇ ਹੁਬਲੀ ਪਹੁੰਚਣਾ ਸੀ। ਪਰੰਤੂ ਮੌਸਮ ਖਰਾਬ ਹੋਣ ਕਾਰਨ ਜਹਾਜ਼ ਲੈਂਡ ਨਹੀਂ ਕਰ ਸਕਿਆ ਅਤੇ ਕਰੀਬ 2 ਘੰਟੇ ਤੱਕ ਹਵਾ ਵਿੱਚ ਹੀ ਰਿਹਾ। ਜਾਣਕਾਰੀ ਅਨੁਸਾਰ ਜਹਾਜ਼ ਨੇ ਲਗਭਗ ਇੱਕ ਘੰਟੇ ਤੱਕ ਹੁਬਲੀ ਦੇ ਆਲੇ-ਦੁਆਲੇ ਚੱਕਰ ਲਗਾਏ, ਜਿਸ ਤੋਂ ਬਾਅਦ ਇਸ ਨੂੰ ਬੰਗਲੁਰੂ ਡਾਇਵਰਟ ਕਰ ਦਿੱਤਾ ਗਿਆ ਅਤੇ ਸ਼ਾਮ ਕਰੀਬ 6:30 ਵਜੇ ਉੱਥੇ ਸੁਰੱਖਿਅਤ ਉਤਾਰਿਆ ਗਿਆ। ਬਾਅਦ ਵਿੱਚ ਇਹ ਫਲਾਈਟ ਰਾਤ 11 ਵਜੇ ਬੰਗਲੁਰੂ ਤੋਂ ਮੁੜ ਹੁਬਲੀ ਲਈ ਰਵਾਨਾ ਹੋਈ। ਇਸ ਜਹਾਜ਼ ਵਿੱਚ ਕੁੱਲ 22 ਯਾਤਰੀ ਸਵਾਰ ਸਨ। ਇਸ ਦੌਰਾਨ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਯਾਤਰੀ ਰੋਂਦੇ ਹੋਏ, ਹੱਥ ਜੋੜ ਕੇ ਅਰਦਾਸ ਕਰਦੇ ਅਤੇ ਡਰੇ ਹੋਏ ਦਿਖਾਈ ਦੇ ਰਹੇ ਹਨ। ਕਈ ਯਾਤਰੀਆਂ ਦੀਆਂ ਚੀਕਾਂ ਵੀ ਸੁਣਾਈ ਦੇ ਰਹੀਆਂ ਹਨ ਅਤੇ ਕੁਝ ਲੋਕ “ਓਹ ਮਾਈ ਗੌਡ” ਵਰਗੀਆਂ ਆਵਾਜ਼ਾਂ ਕੱਢਦੇ ਸੁਣੇ ਗਏ। ਇੱਕ ਯਾਤਰੀ ਪਾਇਲਟ ਨੂੰ ਬੰਗਲੁਰੂ ਜਾਂ ਬੇਲਗਾਮ ਵੱਲ ਜਾਣ ਦੀ ਅਪੀਲ ਕਰਦਾ ਵੀ ਸੁਣਿਆ ਗਿਆ, ਜਦਕਿ ਹੋਰ ਲੋਕ ਇੱਕ-ਦੂਜੇ ਨੂੰ ਧੀਰਜ ਦੇਂਦੇ ਨਜ਼ਰ ਆਏ। ਪਾਇਲਟ ਵੱਲੋਂ ਵੀ ਯਾਤਰੀਆਂ ਨੂੰ ਦੱਸਿਆ ਗਿਆ ਕਿ ਜਹਾਜ਼ ਹੋਲਡ ‘ਤੇ ਹੈ ਅਤੇ ਉਹ ਸਬਰ ਰੱਖਣ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਨ। ਇਸ ਮਾਮਲੇ ‘ਚ Fly-91 ਏਅਰਲਾਈਨ ਨੇ ਸਪੱਸ਼ਟ ਕੀਤਾ ਹੈ ਕਿ ਫਲਾਈਟ ਵਿੱਚ ਕੋਈ ਤਕਨੀਕੀ ਖਰਾਬੀ ਨਹੀਂ ਸੀ। ਕੰਪਨੀ ਮੁਤਾਬਕ ਜਹਾਜ਼ ਨੂੰ ਡਾਇਵਰਟ ਕਰਨ ਦਾ ਫੈਸਲਾ ਸਿਰਫ ਖਰਾਬ ਮੌਸਮ ਦੇ ਕਾਰਨ ਲਿਆ ਗਿਆ ਸੀ ਅਤੇ ਇਹ ਸਾਰਾ ਪ੍ਰਕਿਰਿਆ ਸੁਰੱਖਿਆ ਮਾਪਦੰਡਾਂ ਅਨੁਸਾਰ ਕੀਤੀ ਗਈ। ਏਅਰਲਾਈਨ ਨੇ ਤਕਨੀਕੀ ਖਰਾਬੀ ਸੰਬੰਧੀ ਖ਼ਬਰਾਂ ਨੂੰ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੌਸਮ ਦੀਆਂ ਮਾੜੀਆਂ ਸਥਿਤੀਆਂ ਕਾਰਨ ਮੁੰਬਈ ਤੋਂ ਕੋਲਹਾਪੁਰ ਜਾਣ ਵਾਲੀ ਇੱਕ ਹੋਰ ਉਡਾਣ ਨੂੰ ਵੀ ਗੋਆ ਵੱਲ ਡਾਇਵਰਟ ਕਰਨਾ ਪਿਆ।
Posted By: Daily Suraj Bureau