ਸੁਪਰੀਮ ਕੋਰਟ ਨੇ ਲਾਗੂ ਕੀਤਾ ਹਾਈਬ੍ਰਿਡ ਮੋਡ ਅਤੇ ਵਰਕ ਫ੍ਰੌਮ ਹੋਮ ਸਿਸਟਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਊਲ ਬਚਾਉਣ ਲਈ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਹੁਣ ਸੁਪਰੀਮ ਕੋਰਟ ਨੇ ਵੀ ਆਪਣੀ ਕਾਰਜਪ੍ਰਣਾਲੀ ਵਿੱਚ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਵਾਤਾਵਰਣ ਪੱਖੀ ਅਤੇ ਆਧੁਨਿਕ ਪ੍ਰਣਾਲੀ ਨੂੰ ਅਪਣਾਉਂਦਿਆਂ ਵਰਚੁਅਲ ਸੁਣਵਾਈ ਅਤੇ ਵਰਕ ਫ੍ਰੌਮ ਹੋਮ ਮਾਡਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਨਵੇਂ ਪ੍ਰਬੰਧ ਅਨੁਸਾਰ ਹੁਣ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਮਾਮਲਿਆਂ ਦੀ ਸੁਣਵਾਈ ਕੇਵਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ। ਇਨ੍ਹਾਂ ਦਿਨਾਂ ਦੌਰਾਨ ਅਦਾਲਤ ਵਿੱਚ ਫਿਜ਼ੀਕਲ ਹਾਜ਼ਰੀ ਨਾਲ ਕੋਈ ਸੁਣਵਾਈ ਨਹੀਂ ਹੋਵੇਗੀ। ਅਦਾਲਤ ਨੇ ਰਜਿਸਟਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਵੀਡੀਓ ਕਾਨਫਰੰਸਿੰਗ ਲਈ ਲਿੰਕ ਸਮੇਂ ਸਿਰ ਉਪਲਬਧ ਕਰਵਾਏ ਜਾਣ ਅਤੇ ਤਕਨੀਕੀ ਸਹਾਇਤਾ ਹਰ ਵੇਲੇ ਤਿਆਰ ਰਹੇ, ਤਾਂ ਜੋ ਅਦਾਲਤੀ ਕਾਰਵਾਈ ਪ੍ਰਭਾਵਿਤ ਨਾ ਹੋਵੇ। ਇਸ ਸਬੰਧੀ ਸੁਪਰੀਮ ਕੋਰਟ ਦੇ ਸੈਕਟਰੀ ਜਨਰਲ ਭਾਰਤ ਪਰਾਸ਼ਰ ਵੱਲੋਂ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਅਦਾਲਤ ਹਾਈਬ੍ਰਿਡ ਮੋਡ ਵਿੱਚ ਕੰਮ ਕਰੇਗੀ। ਇਨ੍ਹਾਂ ਦਿਨਾਂ ਵਿੱਚ ਵਕੀਲਾਂ ਅਤੇ ਕੇਸ ਨਾਲ ਜੁੜੇ ਪੱਖਾਂ ਨੂੰ ਆਪਣੀ ਸਹੂਲਤ ਅਨੁਸਾਰ ਅਦਾਲਤ ਵਿੱਚ ਹਾਜ਼ਰ ਹੋਣ ਜਾਂ ਆਨਲਾਈਨ ਜੁੜਨ ਦਾ ਵਿਕਲਪ ਦਿੱਤਾ ਜਾਵੇਗਾ। ਸੁਪਰੀਮ ਕੋਰਟ ਦੇ ਰਜਿਸਟਰੀ ਵਿਭਾਗ ਨਾਲ ਸੰਬੰਧਤ ਕਰਮਚਾਰੀਆਂ ਲਈ ਵੀ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਹੁਕਮਾਂ ਅਨੁਸਾਰ ਹਰ ਸ਼ਾਖਾ ਅਤੇ ਸੈਕਸ਼ਨ ਵਿੱਚ 50 ਫੀਸਦੀ ਕਰਮਚਾਰੀ ਹਫ਼ਤੇ ਵਿੱਚ ਦੋ ਦਿਨ ‘ਵਰਕ ਫ੍ਰੌਮ ਹੋਮ’ ਦੀ ਸਹੂਲਤ ਲੈ ਸਕਣਗੇ।
Posted By: Daily Suraj Bureau