Daily Suraj

ਪੰਜਾਬੀ

ਜੀਟੀਏ ਅਤੇ ਕਿਊਬੈਕ ‘ਚ ਚੱਲ ਰਹੇ ਡਰੱਗ ਨੈੱਟਵਰਕ ‘ਤੇ ਛਾਪੇ, 30 ਥਾਵਾਂ ਤੋਂ ਬਰਾਮਦਗੀ

06 May, 2026 08:10 AM

ਕੈਨੇਡਾ ਵਿੱਚ ਡਰੱਗ ਸਮਗਲਿੰਗ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕਰਦਿਆਂ “ਰੋਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) )ਨੇ 18 ਮਹੀਨੇ ਲੰਬੀ ਜਾਂਚ ਤੋਂ ਬਾਅਦ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਜੀਟੀਏ ਅਤੇ ਕਿਊਬੈਕ ਵਿੱਚ ਚੱਲ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਸੰਬੰਧਿਤ ਸੀ। ਪੁਲਿਸ ਮੁਤਾਬਕ, ਇਹ ਜਾਂਚ ਕਾਫ਼ੀ ਵੱਡੇ ਪੱਧਰ ‘ਤੇ ਕੀਤੀ ਗਈ, ਜਿਸ ਵਿੱਚ ਕਈ ਏਜੰਸੀਆਂ ਨੇ ਮਿਲ ਕੇ ਕੰਮ ਕੀਤਾ। ਇਸ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਟੋਰਾਂਟੋ ਪੁਲਿਸ ਸਰਵਿਸ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਸ਼ਾਮਲ ਸਨ। ਕਾਰਵਾਈ ਦੌਰਾਨ 30 ਤੋਂ ਵੱਧ ਥਾਵਾਂ ‘ਤੇ ਛਾਪੇ ਮਾਰੇ ਗਏ। ਛਾਪਿਆਂ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਕੀਤੀ। ਇਸ ਵਿੱਚ 153 ਕਿਲੋਗ੍ਰਾਮ ਕੋਕੇਨ, 10 ਕਿਲੋਗ੍ਰਾਮ ਹੈਰੋਇਨ ਅਤੇ 0.5 ਕਿਲੋਗ੍ਰਾਮ ਕੇਟਾਮਾਈਨ ਸ਼ਾਮਲ ਹਨ। ਇਸ ਤੋਂ ਇਲਾਵਾ ਲਗਭਗ 16 ਲੱਖ ਕੈਨੇਡੀਅਨ ਡਾਲਰ ਨਕਦ, ਇੱਕ ਪਾਬੰਦੀਸ਼ੁਦਾ ਹਥਿਆਰ ਅਤੇ ਇੱਕ ਵਾਹਨ ਵੀ ਕਬਜ਼ੇ ‘ਚ ਲਿਆ ਗਿਆ। ਅਧਿਕਾਰੀਆਂ ਦੇ ਅਨੁਸਾਰ, ਜ਼ਬਤ ਕੀਤੀਆਂ ਨਸ਼ੀਲੀਆਂ ਵਸਤਾਂ ਦੀ ਕੁੱਲ ਕੀਮਤ 4.4 ਮਿਲੀਅਨ ਡਾਲਰ ਤੋਂ ਵੱਧ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ ਟੋਰਾਂਟੋ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕ ਹਨ ਅਤੇ ਉਨ੍ਹਾਂ ‘ਤੇ ਡਰੱਗ ਸਮਗਲਿੰਗ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਨਾਲ ਸੰਬੰਧਿਤ ਇੱਕ ਹੋਰ ਸ਼ਖ਼ਸ ਅਜੇ ਵੀ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Posted By: Daily Suraj Bureau

Latest News