Daily Suraj

ਪੰਜਾਬੀ

ਨਵਾਂਸ਼ਹਿਰ ਨੇੜੇ ਭਿਆਨਕ ਹਾਦਸਾ: ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, LPU ਦੇ 2 ਵਿਦਿਆਰਥੀਆਂ ਸਮੇਤ 3 ਦੀ ਮੌਤ

05 Oct, 2026 10:24 AM

ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਬੰਗਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਨਾਲੀ ਤੋਂ ਪਰਤ ਰਹੀ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਦੋ ਵਿਦਿਆਰਥੀਆਂ ਅਤੇ ਬੱਸ ਦੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਵਿੱਚ ਮੁੱਖ ਤੌਰ 'ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀ ਅਤੇ ਕੁੱਲ੍ਹ ਕੁੱਝ ਹੋਰ ਸੈਲਾਨੀ ਸਵਾਰ ਸਨ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ ਕਰੀਬ 5 ਵਜੇ ਬੰਗਾ ਨੇੜੇ ਪੈਂਦੇ ਪਿੰਡ ਮਜਾਰੀ ਵਿਖੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਅਚਾਨਕ ਝਪਕੀ ਆਉਣ ਕਾਰਨ ਵਾਹਨ ਤੋਂ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਤੇਜ਼ ਰਫ਼ਤਾਰ ਬੱਸ ਰੇਲਿੰਗ ਤੋੜਦੀ ਹੋਈ ਫਲਾਈਓਵਰ ਤੋਂ ਹੇਠਾਂ ਜਾ ਡਿੱਗੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬੰਗਾ ਪੁਲਿਸ ਅਤੇ ਬਚਾਅ ਦਲ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਬਚਾਅ ਟੀਮਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ। ਫਿਲਹਾਲ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਅਧਿਕਾਰਤ ਪਛਾਣ ਸਾਹਮਣੇ ਨਹੀਂ ਆਈ ਹੈ, ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਹਾਦਸੇ ਵਿੱਚ ਪ੍ਰਭਾਵਿਤ ਕੁੱਲ ਵਿਅਕਤੀਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬੱਸ ਵਿੱਚ ਸਵਾਰ ਯਾਤਰੀਆਂ ਦੇ ਵੇਰਵੇ ਇਕੱਠੇ ਕਰ ਰਹੀ ਹੈ।

Latest News