Daily Suraj

ਪੰਜਾਬੀ

ਗੁਰਮੀਤ ਸਿੰਘ ਖੁੱਡੀਆਂ ਨੇ ਸਾਥੀ ਪੋਰਟਲ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਸੀਡ ਸਰਟੀਫ਼ਿਕੇਸ਼ਨ ਅਫ਼ਸਰਾਂ ਨੂੰ ਸੌਂਪੇ 40 ਟੈਬਲੇਟਸ

26 Feb, 2026 05:49 PM

ਬੀਜ ਪ੍ਰਮਾਣੀਕਰਣ ਲਈ ਡਿਜੀਟਾਈਜ਼ੇਸ਼ਨ ਵੱਲ ਵੱਡਾ ਕਦਮ ਦੱਸਿਆ ਕੰਪਿਊਟਰਾਈਜ਼ਡ ਤੁਰਤ ਡੇਟਾ ਐਂਟਰੀ, ਜੀ.ਪੀ.ਐਸ. ਲੋਕੇਸ਼ਨ ਅਤੇ ਡਿਜੀਟਲ ਦਸਤਖ਼ਤਾਂ ਦੀ ਵਰਤੋਂ ਬੀਜ ਪ੍ਰਮਾਣੀਕਰਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਏਗੀ ਯਕੀਨੀ: ਗੁਰਮੀਤ ਸਿੰਘ ਖੁੱਡੀਆਂ ਬੀਜ ਪ੍ਰਮਾਣੀਕਰਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਵੱਲ ਇੱਕ ਅਹਿਮ ਕਦਮ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਫੀਲਡ ਸਟਾਫ ਨੂੰ ਟੈਬਲੇਟਸ ਨਾਲ ਲੈਸ ਕੀਤਾ ਹੈ ਤਾਂ ਜੋ ਸਾਥੀ ਪੋਰਟਲ ਦਾ ਸਾਰਾ ਕੰਮ ਆਨਲਾਈਨ ਯਕੀਨੀ ਬਣਾਇਆ ਜਾ ਸਕੇ। ਵਿਭਾਗ ਵਿੱਚ ਮੁਕੰਮਲ ਡਿਜੀਟਲਾਈਜ਼ੇਸ਼ਨ ਵੱਲ ਇਸ ਮਿਸਾਲੀ ਕਦਮ ਨੂੰ ਅਮਲੀਜਾਮਾ ਪਹਿਨਾਉਂਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬੀਜ ਪ੍ਰਮਾਣੀਕਰਣ ਅਧਿਕਾਰੀਆਂ ਅਤੇ ਸਹਾਇਕਾਂ ਨੂੰ 40 ਟੈਬਲੇਟਸ ਸੌਂਪੇ। ਖੇਤੀਬਾੜੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਫੀਲਡ ਅਫ਼ਸਰਾਂ ਨੂੰ ਟੈਬਲੇਟਸ ਨਾਲ ਲੈਸ ਕਰਨ ਨਾਲ ਨਾ ਸਿਰਫ਼ ਕਾਗ਼ਜ਼ੀ ਕਾਰਵਾਈ ਖ਼ਤਮ ਹੋਵੇਗੀ, ਸਗੋਂ ਇਸ ਨਾਲ ਜਵਾਬਦੇਹੀ ਵਧੇਗੀ ਅਤੇ ਨਿਰੀਖਣ ਦੌਰਾਨ ਖੇਤਾਂ ਤੋਂ ਸਿੱਧੇ ਤੌਰ ’ਤੇ ਕੰਪਿਊਟਰਾਈਜ਼ਡ ਡੇਟਾ ਤੁਰੰਤ ਜੁਟਾਉਣ ਵਿੱਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਖੇਤ ਦੀ ਸਹੀ ਭੂਗੋਲਿਕ ਸਥਿਤੀ ਨੂੰ ਜੀ.ਪੀ.ਐਸ ਰਾਹੀਂ ਰਿਕਾਰਡ ਕੀਤਾ ਜਾ ਸਕੇਗਾ, ਜਦੋਂਕਿ ਤੁਰੰਤ ਫੋਟੋਆਂ ਅਪਲੋਡ ਕਰਨ ਨਾਲ ਅਧਿਕਾਰਤ ਰਿਪੋਰਟ ਵਿੱਚ ਫ਼ਸਲਾਂ ਦੀ ਅਸਲ ਸਥਿਤੀ ਦਰਜ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਡਿਜੀਟਲਾਈਜ਼ੇਸ਼ਨ ਨਾਲ ਜਿੱਥੇ ਹੱਥੀਂ ਕੰਮ ਕਰਨ ਦੌਰਾਨ ਲਿਖਤੀ ਗ਼ਲਤੀਆਂ ਤੋਂ ਨਿਜਾਤ ਮਿਲੇਗੀ, ਉਥੇ ਹੀ ਤੁਰੰਤ ਡਿਜੀਟਲ ਰਿਪੋਰਟਾਂ ਤਿਆਰ ਕਰਨ ਵਿੱਚ ਆਸਾਨੀ ਮਿਲੇਗੀ, ਜਿਨ੍ਹਾਂ ਨੂੰ ਅੱਗੇ ਕਿਸਾਨਾਂ ਜਾਂ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਸਕੇਗਾ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਅਤੇ ਸੁਖਾਲੀ ਬਣਾਉਣ ਲਈ ਕਿਸਾਨਾਂ ਦੇ ਡਿਜੀਟਲ ਦਸਤਖ਼ਤ ਸਿੱਧੇ ਟੈਬਲੇਟ ਦੀ ਸਕ੍ਰੀਨ ’ਤੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜੀ.ਪੀ.ਐਸ. ਦੀ ਵਰਤੋਂ ਰਾਹੀਂ ਫੀਲਡ ਮੈਪਿੰਗ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਿਰੀਖਣ, ਸਹੀ ਬੀਜ ਖੇਤ ਨਾਲ ਸਬੰਧਤ ਹੈ ਅਤੇ ਟੈਬ ’ਤੇ ਉਪਲਬਧ ਫਾਰਮ ਦੇ ਅਨੁਸਾਰ ਹੈ। ਇਸ ਤੋਂ ਇਲਾਵਾ ਫ਼ਸਲ ਦੀ ਕਿਸਮ, ਆਈਸੋਲੇਸ਼ਨ ਦੂਰੀ, ਰੋਗ ਅਤੇ ਆਫ-ਟਾਈਪ ਬੂਟਿਆਂ ਦੀ ਗਿਣਤੀ ਸਮੇਤ ਵੇਰਵੇ ਡਿਜੀਟਲ ਤੌਰ ’ਤੇ ਰਿਕਾਰਡ ਕੀਤੇ ਜਾਣਗੇ। ਖੇਤੀਬਾੜੀ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਡਿਜੀਟਾਈਜ਼ੇਸ਼ਨ ਪਹਿਲਕਦਮੀ ਨਾ ਸਿਰਫ਼ ਬੀਜ ਪ੍ਰਮਾਣੀਕਰਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਏਗੀ ਬਲਕਿ ਕਿਸਾਨਾਂ ਨੂੰ ਸਮੇਂ-ਸਿਰ ਗੁਣਵੱਤਾ-ਭਰਪੂਰ ਪ੍ਰਮਾਣਿਤ ਬੀਜ ਉਪਲਬਧ ਕਰਵਾਉਣਾ ਯਕੀਨੀ ਬਣਾਏਗੀ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਸ੍ਰੀ ਗੁਰਜੀਤ ਸਿੰਘ ਬਰਾੜ, ਡਾਇਰੈਕਟਰ- ਪੀ.ਐਸ.ਐਸ.ਸੀ.ਏ. ਸ੍ਰੀ ਨਰਿੰਦਰ ਬੈਨੀਪਾਲ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Posted By: Daily Suraj Bureau

Latest News

ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

17 Jun, 2026 02:41 PM