ਕੈਨੇਡਾ ਜੀ-20 ਮੰਚ ਤੋਂ ਭਾਰਤ ਅਤੇ ਯੂਰਪੀ ਯੂਨੀਅਨ ਨਾਲ ਵਪਾਰਕ ਭਾਈਵਾਲੀ ਨੂੰ ਦੇਵੇਗਾ ਹੁਲਾਰਾ; ਅਮਰੀਕਾ 'ਤੇ ਨਿਰਭਰਤਾ ਘਟਾਉਣ ਦੀ ਤਿਆਰੀ
ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਇਸ ਹਫ਼ਤੇ ਅਮਰੀਕਾ ਦੇ ਵਿਸਕਾਨਸਿਨ ਵਿੱਚ ਹੋਣ ਵਾਲੀ ਜੀ-20 (G-20) ਵਪਾਰ ਮੰਤਰੀਆਂ ਦੀ ਬੈਠਕ ਦੌਰਾਨ ਅਮਰੀਕੀ ਵਪਾਰ ਨੁਮਾਇੰਦੇ ਜੈਮੀਸਨ ਗ੍ਰੀਅਰ ਨਾਲ ਅਾਪਣੀ ਮੁਲਾਕਾਤ ਕਰਨਗੇ। ਹਾਲਾਂਕਿ, ਇਸ ਪ੍ਰਸਤਾਵਿਤ ਮੁਲਾਕਾਤ ਦਾ ਸਹੀ ਸਮਾਂ ਅਤੇ ਰੂਪ-ਰੇਖਾ ਹਾਲੇ ਤੱਕ ਅਧਿਕਾਰਤ ਤੌਰ 'ਤੇ ਤੈਅ ਨਹੀਂ ਕੀਤੀ ਗਈ ਹੈ। ਇਸ ਦੌਰਾਨ ਮੰਤਰੀ ਸਿੱਧੂ ਦਾ ਡਿਪਲੋਮੈਟਿਕ ਸ਼ਡਿਊਲ ਕਾਫ਼ੀ ਰੁੱਝਿਆ ਹੋਇਆ ਹੈ। ਉਹ ਬੁੱਧਵਾਰ ਨੂੰ ਫਰਾਂਸ, ਆਸਟ੍ਰੇਲੀਆ ਅਤੇ ਤੁਰਕੀ ਦੇ ਵਪਾਰ ਮੰਤਰੀਆਂ ਨਾਲ ਵੀ ਦੁਪੱਖੀ ਮੁਲਾਕਾਤਾਂ ਕਰਨਗੇ, ਜਦਕਿ ਵੀਰਵਾਰ ਨੂੰ ਉਨ੍ਹਾਂ ਦੀ ਭਾਰਤ ਦੇ ਵਪਾਰਕ ਨੁਮਾਇੰਦੇ ਨਾਲ ਅਧਿਕਾਰਤ ਗੱਲਬਾਤ ਤੈਅ ਹੈ। ਮੌਜੂਦਾ ਸਮੇਂ ਵਿੱਚ ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ 'ਤੇ ਲਾਏ ਗਏ ਵੱਖ-ਵੱਖ ਟੈਰਿਫਾਂ (ਕਸਕੀ ਡਿਊਟੀ) ਕਾਰਨ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਕਾਫ਼ੀ ਵਧਿਆ ਹੋਇਆ ਹੈ। ਇਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕੀ ਵਸਤਾਂ 'ਤੇ ਜਵਾਬੀ ਟੈਰਿਫ ਲਾਗੂ ਕੀਤੇ ਹਨ ਅਤੇ ਉਹ ਅਮਰੀਕਾ 'ਤੇ ਆਪਣੀ ਆਰਥਿਕ ਨਿਰਭਰਤਾ ਨੂੰ ਘਟਾਉਣ ਲਈ ਲਗਾਤਾਰ ਨਵੇਂ ਬਦਲ ਤਲਾਸ਼ ਰਿਹਾ ਹੈ। ਮੰਤਰੀ ਮਨਿੰਦਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਇਸ ਜੀ-20 ਬੈਠਕ ਦੌਰਾਨ ਯੂਰਪੀ ਯੂਨੀਅਨ ਨਾਲ ਡਿਜੀਟਲ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ, ਦੱਖਣੀ ਅਮਰੀਕੀ ਵਪਾਰ ਗਰੁੱਪ ਨਾਲ ਗੱਲਬਾਤ ਨੂੰ ਗਤੀ ਦੇਣ ਅਤੇ ਭਾਰਤ ਨਾਲ ਆਰਥਿਕ ਭਾਈਵਾਲੀ ਸਮਝੌਤੇ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰੇਗਾ।