Daily Suraj

ਪੰਜਾਬੀ

ਕੇਂਦਰੀ ਬੈਂਕ ਦੀ ਕਰੰਸੀ ਲੈ ਕੇ ਜਾ ਰਿਹਾ ਜਹਾਜ਼ ਟਕਰਾਇਆ; ਵਾਹਨਾਂ ਨੂੰ ਵੀ ਨੁਕਸਾਨ

28 Feb, 2026 07:44 AM

ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਨੇੜੇ ਇੱਕ ਮਾਲਵਾਹਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 30 ਜ਼ਖ਼ਮੀ ਹੋਏ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਉਡਾਣ ਭਰਨ ਦੇ ਤੁਰੰਤ ਬਾਅਦ ਰਨਵੇਅ ਤੋਂ ਫਿਸਲ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਅਨੁਸਾਰ, ਜਹਾਜ਼ ਰਨਵੇਅ ਤੋਂ ਬਾਹਰ ਨਿਕਲ ਕੇ ਨੇੜਲੀ ਹਾਈਵੇਅ ’ਤੇ ਚਲ ਰਹੇ ਵਾਹਨਾਂ ਨਾਲ ਟਕਰਾ ਗਿਆ। ਇਸ ਟਕਰਾਅ ਕਾਰਨ ਹਾਈਵੇਅ ’ਤੇ ਮੌਜੂਦ ਲਗਭਗ 15 ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਹਾਦਸੇ ਦੀਆਂ ਤਸਵੀਰਾਂ ਵਿੱਚ ਸੜਕ ’ਤੇ ਜਹਾਜ਼ ਦਾ ਮਲਬਾ, ਸੜੀਆਂ ਕਾਰਾਂ ਅਤੇ ਲਾਸ਼ਾਂ ਖਿਲਰੀਆਂ ਹੋਈਆਂ ਨਜ਼ਰ ਆਈਆਂ ਹਨ। ਹਾਲਾਂਕਿ ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਕਿ ਮਰਨ ਵਾਲੇ ਲੋਕ ਜਹਾਜ਼ ਵਿੱਚ ਸਵਾਰ ਸਨ ਜਾਂ ਸੜਕ ’ਤੇ ਮੌਜੂਦ ਵਾਹਨਾਂ ਵਿੱਚ। ਇਹ ਜਹਾਜ਼ ਬੋਲੀਵੀਆ ਦੀ ਹਵਾਈ ਸੈਨਾ ਦਾ ਹਰਕੂਲਸ ਜਹਾਜ਼ ਸੀ, ਜੋ ਕੇਂਦਰੀ ਬੈਂਕ ਦੇ ਨਵੇਂ ਨੋਟ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਾਉਣ ਲਈ ਲੈ ਕੇ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਵੱਡੀ ਮਾਤਰਾ ਵਿੱਚ ਨਕਦੀ ਹਵਾਈ ਅੱਡੇ ਦੇ ਇਲਾਕੇ ਵਿੱਚ ਖਿੰਡ ਗਈ। ਇਸ ਦੌਰਾਨ ਸੈਂਕੜੇ ਲੋਕ ਨੋਟ ਇਕੱਠੇ ਕਰਨ ਲਈ ਮੌਕੇ ’ਤੇ ਇਕੱਠੇ ਹੋ ਗਏ, ਜਿਸ ਨਾਲ ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਸਥਿਤੀ ਨੂੰ ਸੰਭਾਲਣ ਲਈ ਪੁਲੀਸ ਨੂੰ ਦੰਗਾ ਵਿਰੋਧੀ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਹੋਏ ਭੀੜ ਨੂੰ ਖਿੰਡਾਉਣਾ ਪਿਆ। ਉੱਧਰ, ਅੱਗ ਬੁਝਾਊ ਦਲ ਨੇ ਕਾਫੀ ਮੁਸ਼ੱਕਤ ਨਾਲ ਜਹਾਜ਼ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ। ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਡਾਣ ਦੌਰਾਨ ਜਹਾਜ਼ ਵਿੱਚ ਕਿਹੜੀ ਤਕਨੀਕੀ ਜਾਂ ਹੋਰ ਖ਼ਰਾਬੀ ਆਈ।

Posted By: Daily Suraj Bureau

Latest News