Daily Suraj

ਪੰਜਾਬੀ

ਵਿਰੋਧੀ ਧਿਰ ਨੇ VB-G RAM G ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ

16 Dec, 2025 10:04 PM

ਕਈ ਵਿਰੋਧੀ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਭਵਨ ਕੰਪਲੈਕਸ ਵਿੱਚ VB-G RAM G ਬਿੱਲ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ 'ਤੇ ਮਹਾਤਮਾ ਗਾਂਧੀ ਦਾ ‘ਨਿਰਾਦਰ’ ਕਰਨ ਦਾ ਦੋਸ਼ ਲਗਾਇਆ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਸਰਕਾਰ ਵੱਲੋਂ ਲੋਕ ਸਭਾ ਵਿੱਚ MGNREGA ਦੀ ਥਾਂ ਲੈਣ ਲਈ ਬਿੱਲ ਪੇਸ਼ ਕਰਨ ਤੋਂ ਤੁਰੰਤ ਬਾਅਦ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਡੀਐਮਕੇ ਦੇ ਟੀ ਆਰ ਬਾਲੂ, ਆਰਐਸਪੀ ਦੇ ਐੱਨ ਕੇ ਪ੍ਰੇਮਚੰਦਰਨ ਸਮੇਤ ਹੋਰਾਂ ਨੇ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਪ੍ਰਦਰਸ਼ਨ ਕੀਤਾ ਅਤੇ "ਗਾਂਧੀ ਜੀ ਕਾ ਯੇ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ" ਦੇ ਨਾਅਰੇ ਲਗਾਏ।

ਪ੍ਰਿਅੰਕਾ ਗਾਂਧੀ ਵਾਡਰਾ ਨੇ ਸਰਕਾਰ 'ਤੇ ਪਿਛਲੀ ਯੂਪੀਏ ਸਰਕਾਰ ਦੁਆਰਾ ਲਾਗੂ ਕੀਤੇ ਗਏ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਨੂੰਨ — ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (MGNREGA), 2005 — ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਵਿਰੋਧੀ ਸੰਸਦ ਮੈਂਬਰ ਹੱਥਾਂ ਵਿੱਚ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਲੈ ਕੇ ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ ਨੇੜੇ ਇਕੱਠੇ ਹੋਏ ਅਤੇ ਪ੍ਰੇਰਣਾ ਸਥਲ 'ਤੇ ਰਾਸ਼ਟਰ ਪਿਤਾ ਦੇ ਬੁੱਤ ਤੱਕ ਗਏ।

ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਲੋਕ ਸਭਾ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ, "ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਨੇ ਦੇਸ਼ ਦੀ ਆਤਮਾ ਨੂੰ ਜਗਾਇਆ। ਉਨ੍ਹਾਂ ਨੇ ਸਾਡੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ... ਅੱਜ, ਭਾਜਪਾ ਕੋਲ ਕੁਝ ਨਵਾਂ ਕਰਨ ਲਈ ਨਹੀਂ ਹੈ, ਅਤੇ ਇਸ ਲਈ ਉਹ ਨਾਮ ਬਦਲ ਰਹੇ ਹਨ।’’

ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਗਾਰੰਟੀ ਫਾਰ ਰੋਜ਼ਗਾਰ ਔਰ ਆਜੀਵਿਕਾ ਮਿਸ਼ਨ (ਗ੍ਰਾਮੀਣ) (VB-G RAM G) ਬਿੱਲ 2025, ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ। ਉਧਰ ਵਿਰੋਧੀ ਧਿਰ ਨੇ ਮਹਾਤਮਾ ਗਾਂਧੀ ਦਾ ਨਾਮ 'ਹਟਾਉਣ' 'ਤੇ ਸਖ਼ਤ ਇਤਰਾਜ਼ ਜਤਾਇਆ।
 

ਚੌਹਾਨ ਨੇ ਵਿਰੋਧੀ ਧਿਰ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨਾ ਸਿਰਫ਼ ਮਹਾਤਮਾ ਗਾਂਧੀ ਵਿੱਚ ਵਿਸ਼ਵਾਸ ਰੱਖਦੀ ਹੈ, ਸਗੋਂ ਉਨ੍ਹਾਂ ਦੇ ਸਿਧਾਂਤਾਂ 'ਤੇ ਵੀ ਚੱਲਦੀ ਹੈ।

Posted By: Daily Suraj Bureau

Latest News