Daily Suraj

ਪੰਜਾਬੀ

UGC NET Results: NTA ਨੇ ਜਾਰੀ ਕੀਤਾ ਨਤੀਜਾ, 4,000 ਤੋਂ ਵੱਧ ਉਮੀਦਵਾਰ JRF ਲਈ ਯੋਗ

29 Aug, 2026 09:23 AM

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨਿਚਰਵਾਰ ਤੜਕੇ 84 ਵਿਸ਼ਿਆਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੈਸ਼ਨਲ ਐਲੀਜੀਬਿਲਟੀ ਟੈਸਟ (UGC-NET) ਦੇ ਨਤੀਜੇ ਐਲਾਨ ਦਿੱਤੇ। ਜਾਰੀ ਨਤੀਜਿਆਂ ਮੁਤਾਬਕ 4,000 ਤੋਂ ਵੱਧ ਉਮੀਦਵਾਰਾਂ ਨੇ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਯੋਗਤਾ ਹਾਸਲ ਕੀਤੀ ਹੈ। ਇੱਕ ਸੀਨੀਅਰ ਅਧਿਕਾਰੀ ਮੁਤਾਬਕ 84 ਵਿਸ਼ਿਆਂ ਵਿੱਚ ਪ੍ਰੀਖਿਆ ਦੇਣ ਵਾਲੇ 6.07 ਲੱਖ ਉਮੀਦਵਾਰਾਂ ਵਿੱਚੋਂ 97,000 ਤੋਂ ਵੱਧ ਉਮੀਦਵਾਰਾਂ ਨੇ ਪੀਐਚਡੀ ਦਾਖ਼ਲਿਆਂ ਲਈ ਯੋਗਤਾ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ 4,000 ਤੋਂ ਵੱਧ ਉਮੀਦਵਾਰ JRF ਲਈ ਯੋਗ ਰਹੇ ਹਨ। ਤਿੰਨ ਵਿਸ਼ਿਆਂ ਦੀ ਮੁੜ ਹੋਵੇਗੀ ਪ੍ਰੀਖਿਆ ਇਸ ਸਾਲ ਜੂਨ ਵਿੱਚ NTA ਨੇ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁੜ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਇੱਕ ਮਾਹਰ ਕਮੇਟੀ ਵੱਲੋਂ ਪ੍ਰਸ਼ਨ ਪੱਤਰਾਂ ਵਿੱਚ ਤੱਥਾਂ, ਟਾਈਪਿੰਗ, ਅਨੁਵਾਦ ਅਤੇ ਭਾਸ਼ਾ ਨਾਲ ਸਬੰਧਤ ਗਲਤੀਆਂ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਸੀ। ਪ੍ਰੀਖਿਆ ਤੋਂ ਲਗਭਗ ਦੋ ਮਹੀਨੇ ਬਾਅਦ 16 ਅਗਸਤ ਨੂੰ NTA ਨੇ ਸਮਾਜ ਸ਼ਾਸਤਰ, ਕਾਮਰਸ ਅਤੇ ਅੰਗਰੇਜ਼ੀ ਦੇ ਪੇਪਰਾਂ ਸਬੰਧੀ ਵਿਸ਼ੇਸ਼ ਨੋਟਿਸ ਜਾਰੀ ਕਰਕੇ UGC-NET ਦੀ ਉੱਤਰ ਕੁੰਜੀ ਜਾਰੀ ਕੀਤੀ ਸੀ। ਇਸੇ ਦਿਨ ਬਾਅਦ ਵਿੱਚ ਇਨ੍ਹਾਂ ਪੇਪਰਾਂ ਵਿੱਚ ਗਲਤੀਆਂ ਦਾ ਹਵਾਲਾ ਦਿੰਦਿਆਂ ਤਿੰਨਾਂ ਵਿਸ਼ਿਆਂ ਦੀ ਪ੍ਰੀਖਿਆ ਸਤੰਬਰ ਵਿੱਚ ਮੁੜ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। 9 ਅਤੇ 10 ਸਤੰਬਰ ਨੂੰ ਮੁੜ ਪ੍ਰੀਖਿਆ ਅੰਗਰੇਜ਼ੀ, ਕਾਮਰਸ ਅਤੇ ਸਮਾਜ ਸ਼ਾਸਤਰ ਦੀਆਂ ਮੁੜ ਪ੍ਰੀਖਿਆਵਾਂ 9 ਅਤੇ 10 ਸਤੰਬਰ ਨੂੰ ਕਰਵਾਈਆਂ ਜਾਣੀਆਂ ਤੈਅ ਹਨ। ਇਨ੍ਹਾਂ ਪ੍ਰੀਖਿਆਵਾਂ ਲਈ ਉਮੀਦਵਾਰਾਂ ਤੋਂ ਕੋਈ ਵਾਧੂ ਪ੍ਰੀਖਿਆ ਫ਼ੀਸ ਨਹੀਂ ਲਈ ਜਾਵੇਗੀ। UGC-NET ਪ੍ਰੀਖਿਆ NTA ਵੱਲੋਂ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਦੇ ਅਹੁਦੇ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਵਾਸਤੇ ਕਰਵਾਈ ਜਾਂਦੀ ਹੈ।

Posted By: Daily Suraj Bureau

Latest News