ਆਪਰੇਸ਼ਨ ਸਿੰਧੂਰ ਦੌਰਾਨ ਭਾਰਤ-ਪਾਕਿ ਜੰਗਬੰਦੀ ਵਿੱਚ ਕਿਸੇ ਤੀਜੀ ਧਿਰ ਦੀ ਦਖਲਅੰਦਾਜ਼ੀ ਨਹੀਂ ਸੀ: ਜੈਸ਼ੰਕਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨਾਲ ਜੰਗਬੰਦੀ ਕਰਵਾਉਣ ਵਿੱਚ ਕਿਸੇ ਤੀਜੀ ਧਿਰ ਦੀ ਦਖਲਅੰਦਾਜ਼ੀ ਨਹੀਂ ਸੀ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਗਬੰਦੀ ਦਾ ਫੈਸਲਾ ਵਪਾਰ ਨਾਲ ਜੁੜਿਆ ਨਹੀਂ ਸੀ।
ਰਾਜ ਸਭਾ ਵਿੱਚ ਆਪਰੇਸ਼ਨ ਸਿੰਧੂਰ ’ਤੇ ਵਿਸ਼ੇਸ਼ ਚਰਚਾ ਵਿੱਚ ਸ਼ਾਮਲ ਹੁੰਦਿਆਂ ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ 22 ਅਪਰੈਨ ਤੋਂ 16 ਜੂਨ ਵਿਚਕਾਰ ਕੋਈ ਫੋਨ ਕਾਲ ਨਹੀਂ ਹੋਈ। ਚੇਤੇ ਰਹੇ ਕਿ ਵਿਰੋਧੀ ਧਿਰ ਟਰੰਪ ਵੱਲੋਂ ਵਪਾਰ ਦੀ ਧਮਕੀ ਦੀ ਵਰਤੋਂ ਕਰਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਰੋਕਣ ਵਿੱਚ ਵਿਚੋਲਗੀ ਦੇ ਦਾਅਵਿਆਂ ’ਤੇ ਸਰਕਾਰ 'ਤੇ ਹਮਲਾ ਕਰ ਰਹੀ ਹੈ।
Advertisement
ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਹੱਦ ਪਾਰੋਂ ਕਿਸੇ ਵੀ ਤਰ੍ਹਾਂ ਦੇ ਅਤਿਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਆਪਰੇਸ਼ਨ ਸਿੰਧੂਰ ਕਰਕੇ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਅਤੇ ਜਦੋਂ ਵੀ ਗੁਆਂਢੀ ਦੇਸ਼ ਮੁੜ ਅਜਿਹੀ ਹਿਮਾਕਤ ਕਰੇਗਾ ਤਾਂ ਉਸ ਨੂੰ ਇਸੇ ਭਾਸ਼ਾ ਵਿਚ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ’। ਉਨ੍ਹਾਂ ਭਾਰਤ ਵੱਲੋਂ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਨੂੰ ਜਾਇਜ਼ ਠਹਿਰਾਇਆ।ਜੈਸ਼ੰਕਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਧੀ ਨੂੰ ਮੁਅੱਤਲ ਕਰਕੇ ਨਹਿਰੂ ਵੱਲੋਂ ਕੀਤੀਆਂ ਗਈਆਂ ਨੀਤੀਗਤ ਗਲਤੀਆਂ ਨੂੰ ਸੁਧਾਰਿਆ ਹੈ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਕੀਤੇ ਗਏ ਦਸਤਖ਼ਤ ਸ਼ਾਂਤੀ ਖਰੀਦਣ ਲਈ ਨਹੀਂ, ਸਗੋਂ ਤੁਸ਼ਟੀਕਰਨ ਲਈ ਸਨ।
ਵਿਦੇਸ਼ ਮੰਤਰੀ ਨੇ ਕਿਹਾ ਕਿ ਅਤਿਵਾਦ ਹੁਣ ਸਿਰਫ ਮੋਦੀ ਸਰਕਾਰ ਦੇ ਯਤਨਾਂ ਕਾਰਨ ਹੀ ਵਿਸ਼ਵਵਿਆਪੀ ਏਜੰਡੇ 'ਤੇ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਵਿੱਤੀ ਐਕਸ਼ਨ ਟਾਸਕ ਫੋਰਸ (FATF) ਪ੍ਰਕਿਰਿਆ ਰਾਹੀਂ ਪਾਕਿਸਤਾਨ 'ਤੇ ਭਾਰੀ ਦਬਾਅ ਪਾਇਆ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਨਾ ਹੋਣ ਦੇ ਬਾਵਜੂਦ, ਭਾਰਤ ‘ਦਿ ਰੈਜ਼ਿਸਟੈਂਸ ਫਰੰਟ’ (TRF) ਜੋ ਪਾਕਿਸਤਾਨ-ਅਧਾਰਤ ਲਸ਼ਕਰ-ਏ-ਤੋਇਬਾ ਦਾ ਪ੍ਰੌਕਸੀ ਹੈ, ਨੂੰ ਦਹਿਸ਼ਤੀ ਸੰਗਠਨ ਐਲਾਨ ਵਿਚ ਸਫ਼ਲ ਰਿਹਾ।
Posted By: Daily Suraj Bureau