Daily Suraj

ਪੰਜਾਬੀ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਪਈ ਮੱਠੀ, ਤੇਜ਼ ਧੁੱਪ ਨਾਲ ਵਧੀ ਦੁਪਹਿਰ ਦੀ ਗਰਮੀ

24 Sep, 2026 10:02 AM

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੋਂ ਮਾਨਸੂਨ ਹੁਣ ਵਾਪਸ ਚਲਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਮੌਸਮ ਹੌਲੀ-ਹੌਲੀ ਖੁਸ਼ਕ ਹੋਣ ਲੱਗ ਪਿਆ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਮਾਨਸੂਨ ਦੀ ਵਿਦਾਈ ਦਾ ਇਹ ਅਰਥ ਨਹੀਂ ਹੈ ਕਿ ਮੀਂਹ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਸਥਾਨਕ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਕਦੇ-ਕਦਾਈਂ ਮੀਂਹ ਪੈ ਸਕਦਾ ਹੈ, ਪਰ ਲਗਾਤਾਰ ਮਾਨਸੂਨੀ ਮੀਂਹ ਦਾ ਦੌਰ ਹੁਣ ਕਮਜ਼ੋਰ ਪੈ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਲਗਾਤਾਰ ਮੀਂਹ ਦਾ ਰੁਕਣਾ, ਵਾਤਾਵਰਣ ਵਿੱਚ ਨਮੀ ਘਟਣਾ ਅਤੇ ਹੇਠਲੇ ਵਾਯੂਮੰਡਲ ਵਿੱਚ ਐਂਟੀ-ਸਾਈਕਲੋਨਿਕ ਯਾਨੀ ਉਲਟ-ਚੱਕਰਵਾਤੀ ਹਾਲਾਤ ਬਣਨਾ ਮਾਨਸੂਨ ਦੀ ਵਾਪਸੀ ਦੇ ਮਹੱਤਵਪੂਰਨ ਸੰਕੇਤ ਹੁੰਦੇ ਹਨ। ਮੌਸਮ ਵਿਭਾਗ ਨੇ 24 ਤੋਂ 29 ਸਤੰਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਲਈ ਮੌਸਮ ਸਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਤਾਪਮਾਨ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਨਸੂਨ ਦੀ ਵਿਦਾਈ ਦੇ ਨਾਲ ਦਿਨ ਵੇਲੇ ਧੁੱਪ ਵੀ ਤੇਜ਼ ਹੋ ਗਈ ਹੈ। ਇਸ ਕਾਰਨ ਖ਼ਾਸ ਤੌਰ ’ਤੇ ਦੁਪਹਿਰ ਦੇ ਸਮੇਂ ਗਰਮੀ ਵਧ ਗਈ ਹੈ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਅੱਜ ਰਾਤ ਅਤੇ ਭਲਕੇ ਦਿਨ ਤੇ ਰਾਤ ਦੀ ਮਿਆਦ ਲਗਭਗ ਬਰਾਬਰ ਰਹੇਗੀ। ਦੋਵੇਂ ਸਮੇਂ ਕਰੀਬ 12-12 ਘੰਟਿਆਂ ਦੇ ਹੋਣਗੇ। ਇਸ ਤੋਂ ਬਾਅਦ ਦਿਨ ਹੌਲੀ-ਹੌਲੀ ਛੋਟੇ ਅਤੇ ਰਾਤਾਂ ਲੰਬੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ।

Posted By: Daily Suraj Bureau

Latest News