Daily Suraj

ਪੰਜਾਬੀ

ਸਰਕਾਰੀ ਦਾਵਿਆਂ ਦੀ ਖੁਲ੍ਹੀ ਪੋਲ, ਟਰੀਟਮੈਂਟ ਪਲਾਂਟ ਨਹੀਂ ਕਰ ਰਹੇ ਕੰਮ

08 Jan, 2026 12:16 PM

ਪਲਾਂਟਾਂ ਵਿੱਚੋਂ ਪਾਣੀ ਤੈਅ ਮਾਪਦੰਡਾਂ ਮੁਤਾਬਕ ਨਾ ਨਿਕਲਣ ਦਾ ਕੀਤਾ ਦਾਅਵਾ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਹੇਠ ਸਫਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਵਿੱਚੋਂ ਕੂੜਾ ਕੱਢੇ ਜਾਣ ਤੋਂ ਬਾਅਦ ਹੁਣ ਗਾਰ ਤੇ ਮਲਬਾ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਅੱਜ ਚਾਂਦ ਸਿਨੇਮਾ ਨੇੜੇ ਸਫ਼ਾਈ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਯਤਨ ਲਗਾਤਾਰ ਜਾਰੀ ਹਨ, ਪਰ ਲੁਧਿਆਣਾ ਵਿੱਚ ਪਾਣੀ ਨੂੰ ਟਰੀਟ ਕਰਨ ਲਈ ਜੋ ਟਰੀਟਮੈਂਟ ਪਲਾਂਟ ਲਗਾਏ ਗਏ ਨੇ, ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਟਰੀਟਮੈਂਟ ਪਲਾਂਟ ਵਿੱਚੋਂ ਪਾਣੀ ਤੈਅ ਮਾਪਦੰਡਾਂ ਮੁਤਾਬਕ ਨਹੀਂ ਨਿਕਲ ਰਿਹਾ ਹੈ। ਰਾਜ ਸਭਾ ਮੈਂਬਰ ਨੇ ਦੱਸਿਆ ਕਿ ਤਾਜਪੁਰ ਰੋਡ ’ਤੇ ਪਾਣੀ ਦਾ ਟੀ ਡੀ ਐੱਮ ਕਿਸੇ ਵੇਲੇ ਤਿੰਨ ਹਜ਼ਾਰ ਦੇ ਕਰੀਬ ਸੀ, ਜੋ ਕਿ ਹੁਣ 580 ਦੇ ਕਰੀਬ ਪੁੱਜ ਗਿਆ ਹੈ। ਦਰਿਆ ਵਿੱਚ 165 ਐੱਮ ਐੱਲ ਡੀ ਪਾਣੀ ਅਤੇ 160 ਟਨ ਗੋਹਾ ਡਿੱਗਣ ’ਤੋਂ ਰੋਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 50 ਐੱਮ ਐੱਲ ਡੀ, 40 ਐੱਮ ਐੱਲ ਡੀ ਤੇ 225 ਐੱਮ ਐੱਲ ਡੀ ਟਰੀਟਮੈਂਟ ਪਲਾਂਟ ਲੱਗੇ ਹੋਏ ਹਨ ਜੋ ਕਿ ਆਪਣੀ ਸਮਰੱਥਾ ਨਾਲੋਂ ਵੱਧ ਚੱਲਣ ਕਾਰਨ ਸਹੀ ਪਾਣੀ ਟਰੀਟ ਨਹੀਂ ਕਰ ਪਾ ਰਹੇ ਹਨ। ਇਹ ਸਾਰਾ ਮਾਮਲਾ ਹੁਣ ਕੌਮੀ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਦੇ ਧਿਆਨ ਵਿੱਚ ਵੀ ਹੈ। ਐੱਨ ਜੀ ਟੀ ਹੀ ਇਸ ’ਤੇ ਕੋਈ ਫੈਸਲਾ ਲਵੇਗਾ। ਇਸ ਦੌਰੇ ਦੌਰਾਨ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੀ ਸਫ਼ਾਈ ਕਰਨ ਤੋਂ ਬਾਅਦ ਜੋ ਗਾਰ ਕੱਢੀ ਜਾ ਰਹੀ ਹੈ, ਉਸ ਨੂੰ ਇਕੱਠਾ ਕਰ ਕੇ ਇਕ ਪਾਸੇ ਰੱਖਿਆ ਜਾ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਨੂੰ ਉਸ ਨੂੰ ਸੁੱਕਣ ਤੋਂ ਬਾਅਦ ਚੱਕਣ ਲਈ ਕਿਹਾ ਗਿਆ ਹੈ। ਸੰਤ ਸੀਚੇਵਾਲ ਨੇ ਇਸ ਦੌਰਾਨ ਨਵੇਂ ਬਣੇ ਪੁਲ ਦੇ ਹੇਠਿਓਂ ਮਲਬਾ ਚੁਕਵਾਉਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਲਬੇ ਨੂੰ ਹਟਾਉਣਾ ਬਹੁਤ ਜ਼ਰੂਰ ਹੈ, ਕਿਉਂਕਿ ਇਸ ਮਲਬੇ ਕਰ ਕੇ ਪਾਣੀ ਲੰਘਣ ਵਿੱਚ ਅੜਿੱਕਾ ਪੈਂਦਾ ਸੀ। ਤਾਜਪੁਰ ਰੋਡ ਨੇੜੇ ਪਹਿਲੀ ਵਾਰ ਹੈ ਕਿ ਮੀਂਹ ਦੌਰਾਨ ਪਾਣੀ ਸੜਕਾਂ ’ਤੇ ਬਾਹਰ ਨਹੀਂ ਆਇਆ। ਉਸ ਦਾ ਕਾਰਨ ਸਫ਼ਾਈ ਹੀ ਹੈ।

Posted By: Daily Suraj Bureau

Latest News