ਪੰਜਾਬ ਸਰਕਾਰ ਵੱਲੋ ਨਵੇ 7 ਮੈਡੀਕਲ ਕਾਲਜ ਬਣਾਉਣ ਦਾ ਉਦਮ ਸਲਾਘਾਯੋਗ-ਮਾਨ
ਕਿਹਾ: ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਵੀ ਇਸ ਵਿਚ ਪਹਿਲ ਦਿਤੀ ਜਾਵੇ ( ਮੁਖ਼ਤਿਆਰ ਸਿੰਘ) ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਦੀ ਮੌਜੂਦਾ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਪੰਜਾਬ ਵਿਚ 7 ਨਵੇ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਵੱਡਾ ਫੈਸਲਾ ਕੀਤਾ ਹੈ ਇਹ ਸਵਾਗਤਯੋਗ ਹੈ ਕਿਉਂਕਿ ਪੰਜਾਬ ਦੇ ਹੋਣਹਾਰ ਬੱਚਿਆਂ ਨੂੰ ਇਸ ਡਾਕਟਰੀ ਦੀ ਡਿਗਰੀ ਪ੍ਰਾਪਤ ਕਰਨ ਲਈ ਦੂਜੇ ਸੂਬਿਆਂ ਜਾਂ ਦੂਰ-ਦੁਰਾਡੇ ਦਾਖਲੇ ਲੈਣੇ ਪੈਦੇ ਹਨ। ਇਹ ਅਮਲ ਪੰਜਾਬ ਦੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਮਹਾਨ ਸ਼ਹੀਦੀ ਅਸਥਾਂਨ ਹੈ ਜੋ ਦੁਨੀਆ ਵਿਚ ਸਭ ਤੋ ਮਹਾਨ ਅਤੇ ਸਾਨੂੰ ਆਪਣੇ ਚੰਗੇਰੇ ਜੀਵਨ ਲਈ ਅਗਵਾਈ ਦੇਣ ਵਾਲਾ ਸਥਾਂਨ ਹੈ ਜਿਥੇ ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰ ਕੌਰ, ਬਾਬਾ ਮੋਤੀ ਸਿੰਘ ਮਹਿਰਾ ਅਤੇ ਦੀਵਾਨ ਟੋਡਰਮੱਲ ਨੇ ਸਮੁੱਚੀ ਮਨੁੱਖਤਾ ਨੂੰ ਅਗਵਾਈ ਦੇਣ ਹਿੱਤ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਲਈ ਮਹਾਨ ਸ਼ਹਾਦਤਾਂ ਦਿੱਤੀਆ ਹਨ, ਇਸ ਲਈ ਉਨ੍ਹਾਂ ਦੇ ਨਾਮ ‘ਤੇ ਸਮਰਪਿਤ ਇਕ ਮੈਡੀਕਲ ਕਾਲਜ ਫਤਹਿਗੜ੍ਹ ਸਾਹਿਬ ਨੂੰ ਜਰੂਰ ਦਿਤਾ ਜਾਵੇ। ਉਨ੍ਹਾਂ ਆਸ ਕੀਤੀ ਕਿ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਇਸ ਜ਼ਿਲ੍ਹੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਅਤੇ ਜਿਲ੍ਹੇ ਦੇ ਨਿਵਾਸੀਆ ਅਤੇ ਬੱਚਿਆਂ ਨੂੰ ਡਾਕਟਰੀ ਵਿਦਿਆ ਪ੍ਰਦਾਨ ਕਰਨ ਵਿਚ ਆਪਣੀ ਮੁੱਖ ਭੂਮਿਕਾ ਨਿਭਾ ਕੇ ਸ਼ਹੀਦਾਂ ਨੂੰ ਸਹੀ ਮਾਇਨਿਆ ਵਿਚ ਸਰਧਾਂ ਦੇ ਫੁੱਲ ਭੇਟ ਕਰਨਗੇ।
Posted By: Daily Suraj Bureau