ਸੀਟੂ ਯੂਨੀਅਨਾਂ ਵੱਲੋਂ 12 ਫਰਵਰੀ ਦੀ ਆਲ ਇੰਡੀਆ ਹੜਤਾਲ ਵਿੱਚ ਸ਼ਾਮਲ ਹੋਣ ਲਈ ਮਾਲਕਾਂ ਨੂੰ 23 ਜਨਵਰੀ ਤੱਕ ਨੋਟਿਸ ਦੇਣ ਦਾ ਐਲਾਨ
ਸੰਗਰੂਰ, (ਜਗਸੀਰ ਸਿੰਘ ) - ਸੀਟੂ ਦੇ ਆਲ ਇੰਡੀਆ ਸਕੱਤਰ ਕਾਮਰੇਡ ਊਸ਼ਾ ਰਾਣੀ, ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ, ਜਨਰਲ ਸਕੱਤਰ ਸਾਥੀ ਮਹਾਂਸਿੰਘ ਰੌੜੀ ਅਤੇ ਸੂਬਾਈ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਐਲਾਨ ਕੀਤਾ ਹੈ ਕਿ ਸੀਟੂ ਨਾਲ ਸਬੰਧਤ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਰੀਆ ਯੂਨੀਅਨਾਂ ਵੱਲੋਂ 23 ਜਨਵਰੀ ਤੱਕ ਮਾਲਕਾ ਅਤੇ ਮੈਨੇਜਮੈਂਟਾ ਨੂੰ ਆਉਂਦੀ 12 ਫਰਵਰੀ ਦੀ ਆਲ ਇੰਡੀਆ ਹੜਤਾਲ ਵਿੱਚ ਸ਼ਾਮਿਲ ਹੋਣ ਦੇ ਕਾਨੂੰਨ ਅਨੁਸਾਰ ਨੋਟਿਸ ਭੇਜੇ ਜਾ ਰਹੇ ਹਨ। ਸੀਟੂ ਆਗੂਆ ਨੇ ਦੱਸਿਆ ਕਿ ਇਸ ਹੜਤਾਲ ਦਾ ਫੈਸਲਾ ਸੀਟੂ ਸਮੇਤ ਦੇਸ਼ ਦੀਆਂ 10 ਟਰੇਡ ਯੂਨੀਅਨਜ ਅਤੇ ਪ੍ਰੋਫੈਸ਼ਨ ਵਾਈਜ ਕਰਮਚਾਰੀ ਫੈਡਰੇਸ਼ਨਾ ਨੇ ਫੈਸਲਾ ਕੀਤਾ ਸੀ ਅਤੇ ਇਸ ਹੜਤਾਲ ਨੂੰ ਦਿੱਲੀ ਵਿੱਚ ਆਯੋਜਿਤ ਆਲ ਇੰਡੀਆ ਕਨਵੈਨਸ਼ਨ ਨੇ ਵੀ ਅਨੁਮੋਦਨ ਕੀਤਾ ਹੈ। ਇਹ ਕਨਵੈਨਸ਼ਨ 9 ਜਨਵਰੀ ਨੂੰ ਦਿੱਲੀ ਵਿੱਖੇ ਆਯੋਜਿਤ ਕੀਤੀ ਗਈ ਸੀ। ਇਹ ਹੜਤਾਲ 4 ਮਜਦੂਰ ਵਿਰੋਧੀ ਲੇਬਰ ਕੋਡ ਰੱਦ ਕਰਾਉਣ, ਮਨਰੇਗਾ ਕਾਨੂੰਨ ਨੂੰ ਬਹਾਲ ਕਰਾਉਣ ਅਤੇ ਉਸ ਵਿੱਚ ਸੁਧਾਰ ਲਿਆਉਣ, ਬਿਜਲੀ ਸੁਧਾਰ ਬਿਲ 2025 ਅਤੇ ਬੀਜ ਬਿਲ 2025 ਨੂੰ ਵਾਪਿਸ ਕਰਾਉਣ, ਬੀਮਾ ਖੇਤਰ ਵਿੱਚ ਦਿੱਤੀ ਗਈ ਖੁੱਲ ਨੂੰ ਰੱਦ ਕਰਾਉਣ ਆਦਿ ਲਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ 13 ਸਾਲਾਂ ਤੋਂ ਲਮਕਦੀ ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਾਉਣ, 12 ਘੰਟਿਆ ਦੀ ਦਿਹਾੜੀ ਦੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਸਨੱਅਤੀ ਸਬੰਧਾਂ ਨੂੰ 30 ਜਨਵਰੀ ਤੱਕ ਕੇਂਦਰ ਵਲੋਂ ਜਾਰੀ ਕੋਡ ਅਨੁਸਾਰ ਲਾਗੂ ਕਰਨ ਦੀ ਨੋਟੀਫਿਕੇਸ਼ਨ ਰੱਦ ਕਰਾਉਣ ਲਈ ਹੜਤਾਲ ਕੀਤੀ ਜਾ ਰਹੀ ਹੈ।ਸੀਟੂ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ,ਆਲ ਇੰਡੀਆ ਖੇਤ ਮਜਦੂਰ ਯੂਨੀਅਨ ਵੱਲੋਂ ਐਲਾਨੀ ਸਮੂਲੀਅਤ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਸੀਟੂ ਵੱਲੋਂ ਆਪਣੀ ਹੜਤਾਲ ਦੀ ਵਿਸਤ੍ਰਿਤ ਤਿਆਰੀ ਲਈ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ 23 ਅਤੇ 24 ਜਨਵਰੀ ਨੂੰ ਰਾਏਕੋਟ ਜਿਲਾ ਲੁਧਿਆਣਾ ਵਿੱਖੇ ਸੱਦੀ ਗਈ ਹੈ।
Posted By: Daily Suraj Bureau