ਭਾਜਪਾ ਦਾ ਜ਼ਿਕਰ ਬਿਨਾਂ ਤਿੰਨ ਸੂਤਰੀ ਪ੍ਰੋਗਰਾਮ ਪੇਸ਼, ਕਿਸਾਨੀ ਮੁੱਦੇ ਗਾਇਬ
ਨਾਭਾ ਦੀ ਅਨਾਜ ਮੰਡੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤੀਖੇ ਨਿਸ਼ਾਨੇ ਸਾਧੇ, ਜਦਕਿ ਪੂਰੇ ਸੰਬੋਧਨ ਦੌਰਾਨ ਭਾਜਪਾ ਦਾ ਕੋਈ ਜ਼ਿਕਰ ਨਹੀਂ ਕੀਤਾ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਮੁੜ ‘ਲੀਹ ‘ਤੇ ਲਿਆਉਣ’ ਲਈ ਤਿੰਨ ਸੂਤਰੀ ਪ੍ਰੋਗਰਾਮ ਪੇਸ਼ ਕੀਤਾ। ਹਾਲਾਂਕਿ, ਇਸ ਪ੍ਰੋਗਰਾਮ ਵਿੱਚ ਖੇਤੀ ਅਤੇ ਕਿਸਾਨੀ ਨਾਲ ਸੰਬੰਧਿਤ ਮੁੱਦੇ ਸ਼ਾਮਲ ਨਹੀਂ ਸਨ। ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਸਰਕਾਰ ਬਣਨ ‘ਤੇ ਹਰ ਮਹੀਨੇ 30 ਕਿਲੋ ਮੁਫ਼ਤ ਅਨਾਜ, 20 ਰੁਪਏ ਪ੍ਰਤੀ ਕਿਲੋ ਦਾਲਾਂ ਅਤੇ ਮੁਫ਼ਤ ਟਿਊਬਵੈਲ ਕੁਨੈਕਸ਼ਨ ਦੇਣ ਦਾ ਵਾਅਦਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆੜ੍ਹਤੀਆਂ ਦੀ ਢਾਈ ਫੀਸਦੀ ਆੜ੍ਹਤ ਦੇ ਮਸਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਆੜ੍ਹਤ ਦੀ ਭੁਗਤਾਨੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ, ਪਰ ਸੂਬੇ ਦੇ ਮੁੱਖ ਮੰਤਰੀ ਇਸ ਮਸਲੇ ‘ਤੇ ਕੋਈ ਢੰਗ ਦੀ ਕੋਸ਼ਿਸ਼ ਕਰਦੇ ਨਹੀਂ ਦਿਖਾਈ ਦੇ ਰਹੇ। ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਦੱਸਦੇ ਹੋਏ ਸੁਖਬੀਰ ਬਾਦਲ ਨੇ ਆਪਣੇ ਤਿੰਨ ਸੂਤਰੀ ਪ੍ਰੋਗਰਾਮ ਵਿੱਚ ਸਰਕਾਰੀ ਨੌਕਰੀਆਂ, ਉਦਯੋਗਿਕ ਵਿਕਾਸ ਅਤੇ ਨੌਜਵਾਨਾਂ ਲਈ ਹੁਨਰ ਵਿਕਾਸ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਸੱਤਾ ਵਿੱਚ ਆਉਣ ‘ਤੇ ਨੌਜਵਾਨਾਂ ਨੂੰ ਮੁਫ਼ਤ ਹੁਨਰ ਵਿਕਾਸ ਦੀ ਸਿਖਲਾਈ ਦੇ ਕੇ ਸਵੈ ਰੋਜ਼ਗਾਰ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ਾ ਮੁਹੱਈਆ ਕਰਵਾਏਗੀ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਇਆ ਕਿ ਸਰਕਾਰ ਨੇ ਪਿਛਲੀ ਨੀਤੀ ਨੂੰ ਬਦਲ ਦਿੱਤਾ ਹੈ, ਜਿਸ ਦੇ ਤਹਿਤ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਲਈ ਸੀਮਿਤ ਸਨ। ਉਨ੍ਹਾਂ ਕਿਹਾ ਕਿ ਹੁਣ ਹੋਰ ਸੂਬਿਆਂ ਦੇ ਲੋਕਾਂ ਨੂੰ ਵੀ ਪੰਜਾਬ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਾਹਰਲੇ ਰਾਜਾਂ ਵਿੱਚ ਜਾ ਕੇ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਗਲਤ ਦਾਅਵੇ ਕੀਤੇ ਜਾਂਦੇ ਹਨ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਉਦਯੋਗ ਲਈ ਸੁਖਾਵਾਂ ਮਾਹੌਲ ਤਿਆਰ ਕਰਦੇ ਹੋਏ 75 ਫੀਸਦੀ ਨੌਕਰੀਆਂ ਪੰਜਾਬੀਆਂ ਲਈ ਰੱਖਣ ਦੀ ਪਾਬੰਦੀ ਲਗਾਈ ਜਾਵੇਗੀ। ਇਸ ਦੇ ਨਾਲ ਹੀ ਡੇਅਰੀ ਫਾਰਮਿੰਗ ਲਈ 75 ਫੀਸਦੀ ਸਬਸਿਡੀ ਦੇਣ ਅਤੇ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਰਾਹੀਂ ਸਿਖਲਾਈ ਦੇਣ ਦੀ ਗੱਲ ਵੀ ਕੀਤੀ ਗਈ। ਰੈਲੀ ਦੌਰਾਨ ਉਨ੍ਹਾਂ ਮੱਖਣ ਸਿੰਘ ਲਾਲਕਾ ਨੂੰ ਨਾਭਾ ਤੋਂ ਵਿਧਾਇਕ ਬਣਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ। ਨਾਲ ਹੀ ਕਾਂਗਰਸ ‘ਤੇ ਲੋਕ ਭਲਾਈ ਯੋਜਨਾਵਾਂ ਘਟਾਉਣ ਅਤੇ ਆਮ ਆਦਮੀ ਪਾਰਟੀ ‘ਤੇ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਬਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਲੋਕ ਧਰਨੇ ਅਤੇ ਪ੍ਰਦਰਸ਼ਨਾਂ ਲਈ ਮਜਬੂਰ ਹਨ ਅਤੇ ਸਰਕਾਰ ਵੱਲੋਂ ਪੁਲੀਸ ਰਾਹੀਂ ਕਾਰਵਾਈ ਕੀਤੀ ਜਾ ਰਹੀ ਹੈ। ਨਾਭਾ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਨਾਲ ਜੁੜੇ ਮਾਮਲੇ ‘ਤੇ ਵੀ ਉਨ੍ਹਾਂ ਨੇ ਸਰਕਾਰ ਨੂੰ ਘੇਰਿਆ।
Posted By: Daily Suraj Bureau