ਯੂਰੇਨੀਅਮ ਹਵਾਲੇ ਕਰਨ ਸਮੇਤ ਅਮਰੀਕਾ ਦੀਆਂ ਪੰਜ ਸ਼ਰਤਾਂ : ਰਿਪੋਰਟ
ਅਮਰੀਕਾ ਵੱਲੋਂ ਈਰਾਨ ਨਾਲ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਨੂੰ ਖਤਮ ਕਰਨ ਲਈ ਪੰਜ ਵੱਡੀਆਂ ਸ਼ਰਤਾਂ ਰੱਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਜਾਣਕਾਰੀ ਈਰਾਨ ਦੀ ਫ਼ਾਰਸ ਨਿਊਜ਼ ਏਜੰਸੀ ਦੀ ਇਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਹਾਲਾਂਕਿ, ਅਜੇ ਤੱਕ ਨਾ ਤਾਂ ਅਮਰੀਕਾ ਅਤੇ ਨਾ ਹੀ ਈਰਾਨ ਨੇ ਇਨ੍ਹਾਂ ਸ਼ਰਤਾਂ ਦੀ ਅਧਿਕਾਰਿਕ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ, ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਈਰਾਨ `ਤੇ ਹੋਈ ਬੰਬਬਾਰੀ ਨਾਲ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਇਸਦੇ ਨਾਲ ਹੀ ਵਾਸ਼ਿੰਗਟਨ ਨੇ ਮੰਗ ਕੀਤੀ ਹੈ ਕਿ ਈਰਾਨ ਆਪਣੇ ਕੋਲ ਮੌਜੂਦ ਲਗਭਗ 400 ਕਿਲੋਗ੍ਰਾਮ ਯੂਰੇਨੀਅਮ ਅਮਰੀਕਾ ਦੇ ਹਵਾਲੇ ਕਰੇ। ਇਕ ਹੋਰ ਸ਼ਰਤ ਅਨੁਸਾਰ, ਈਰਾਨ ਵਿੱਚ ਸਿਰਫ਼ ਇੱਕ ਪਰਮਾਣੂ ਕੇਂਦਰ ਨੂੰ ਹੀ ਚਾਲੂ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਈਰਾਨ ਦੀਆਂ ਵਿਦੇਸ਼ਾਂ ਵਿੱਚ ਫਰੀਜ਼ ਕੀਤੀਆਂ ਗਈਆਂ ਸੰਪਤੀਆਂ ਵਿੱਚੋਂ ਕੇਵਲ 25 ਫੀਸਦੀ ਰਕਮ ਜਾਰੀ ਕਰਨ ਦੇ ਹੱਕ ਵਿੱਚ ਹੋਣ ਦੀ ਗੱਲ ਵੀ ਰਿਪੋਰਟ ਵਿੱਚ ਕਹੀ ਗਈ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਾਸ਼ਿੰਗਟਨ ਲਿਬਨਾਨ ਸਮੇਤ ਸਾਰੇ ਮੋਰਚਿਆਂ `ਤੇ ਜੰਗ ਖਤਮ ਕਰਕੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦਾ ਹੈ। ਦੂਜੇ ਪਾਸੇ, ਈਰਾਨ ਨੇ ਅਮਰੀਕਾ ਨੂੰ ਹੋਰਮੁਜ਼ ਜਲਮਾਰਗ ਦੀ ਨਾਕਾਬੰਦੀ ਖਤਮ ਕਰਨ ਲਈ ਕਿਹਾ ਹੈ। ਫਿਲਹਾਲ ਦੋਵੇਂ ਦੇਸ਼ਾਂ ਵੱਲੋਂ ਇਸ ਮਾਮਲੇ ਤੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਰਿਪੋਰਟ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਤੇਜ਼ ਹੋ ਗਈ ਹੈ।
Posted By: Daily Suraj Bureau