ਜਾਮੀਆ ਮਿਲੀਆ 'ਚ 21 ਸਾਲਾਂ ਬਾਅਦ ਹੋਣਗੀਆਂ ਯੂਨੀਅਨ ਚੋਣਾਂ: ਵਿਦਿਆਰਥੀ ਅੰਦੋਲਨ ਅੱਗੇ ਪ੍ਰਸ਼ਾਸਨ ਨੇ ਝੁਕਾਈਆਂ ਮੰਗਾਂ
ਜਾਮੀਆ ਮਿਲੀਆ ਇਸਲਾਮੀਆ (JMI) ਯੂਨੀਵਰਸਿਟੀ ਵਿੱਚ ਚੱਲ ਰਹੇ ਤਣਾਅਪੂਰਨ ਵਿਦਿਆਰਥੀ ਅੰਦੋਲਨ ਦਰਮਿਆਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਲਗਭਗ 21 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਕਰਵਾਉਣ ਲਈ ਆਪਣੀ ਰਸਮੀ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਮੁਅੱਤਲੀ ਅਤੇ 'ਕਾਰਨ ਦੱਸੋ' ਨੋਟਿਸਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਫੈਸਲਾ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਵੱਲੋਂ 26 ਅਕਤੂਬਰ ਨੂੰ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਉਨ੍ਹਾਂ ਵੱਲੋਂ ਸੌਂਪੇ ਗਏ ਮੰਗ ਪੱਤਰ 'ਤੇ ਗੰਭੀਰਤਾ ਨਾਲ ਗੌਰ ਕਰਨ ਤੋਂ ਬਾਅਦ ਲਿਆ ਗਿਆ ਹੈ। ਚੋਣਾਂ ਦੀ ਪ੍ਰਕਿਰਿਆ ਅਤੇ ਸ਼ਰਤਾਂ ਯੂਨੀਵਰਸਿਟੀ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ, ਜਾਮੀਆ ਮਿਲੀਆ ਇਸਲਾਮੀਆ ਵਿਦਿਆਰਥੀ ਯੂਨੀਅਨ ਦੇ ਸੰਵਿਧਾਨ ਨੂੰ ਪ੍ਰਵਾਨਗੀ ਮਿਲਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਚੋਣਾਂ ਕਰਵਾਈਆਂ ਜਾਣਗੀਆਂ। ਹਾਲਾਂਕਿ, ਪ੍ਰਸ਼ਾਸਨ ਨੇ ਅਜੇ ਚੋਣਾਂ ਲਈ ਕੋਈ ਖਾਸ ਤਰੀਕ ਨਿਰਧਾਰਤ ਨਹੀਂ ਕੀਤੀ ਹੈ, ਕਿਉਂਕਿ ਪੂਰੀ ਚੋਣ ਪ੍ਰਕਿਰਿਆ ਯੂਨੀਅਨ ਦੇ ਸੰਵਿਧਾਨ ਦੀ ਅੰਤਿਮ ਮਨਜ਼ੂਰੀ 'ਤੇ ਨਿਰਭਰ ਕਰੇਗੀ। ਅਨੁਸ਼ਾਸਨੀ ਕਾਰਵਾਈ ਰੱਦ ਤੇ ਸੁਰੱਖਿਆ ਅਮਲੇ ਖ਼ਿਲਾਫ਼ ਜਾਂਚ ਅੰਦੋਲਨ ਦੌਰਾਨ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੇ ਸਾਰੇ ਨੋਟਿਸ ਰੱਦ ਕਰਦਿਆਂ ਪ੍ਰਸ਼ਾਸਨ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਹੈ। ਵਿਦਿਆਰਥੀਆਂ ਦੇ ਭਾਰੀ ਰੋਸ ਨੂੰ ਦੇਖਦਿਆਂ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਕਰਮਚਾਰੀਆਂ ਦੇ ਵਤੀਰੇ ਅਤੇ ਕਾਰਵਾਈ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਗਠਿਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਹਾਲਾਂਕਿ, ਇਹ ਛੋਟਾਂ ਕੁਝ ਸ਼ਰਤਾਂ ਨਾਲ ਦਿੱਤੀਆਂ ਗਈਆਂ ਹਨ। ਯੂਨੀਵਰਸਿਟੀ ਦੇ ਹੁਕਮਾਂ ਮੁਤਾਬਕ, ਵਿਦਿਆਰਥੀਆਂ ਨੇ ਵਾਅਦਾ ਕੀਤਾ ਹੈ ਕਿ ਉਹ ਅੰਦੋਲਨ ਦੌਰਾਨ ਪ੍ਰਸ਼ਾਸਨ ਵਿਰੁੱਧ ਦਿੱਤੇ ਗਏ ਕਿਸੇ ਵੀ ਅਪਮਾਨਜਨਕ ਬਿਆਨ ਜਾਂ ਕਾਰਵਾਈ ਲਈ ਪ੍ਰੈਸ ਕਾਨਫਰੰਸ ਰਾਹੀਂ ਜਨਤਕ ਤੌਰ 'ਤੇ ਮੁਆਫੀ ਮੰਗਣਗੇ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਅਜਿਹੀਆਂ ਸਾਰੀਆਂ ਪੋਸਟਾਂ ਤੁਰੰਤ ਹਟਾ ਦਿੱਤੀਆਂ ਜਾਣਗੀਆਂ, ਅਤੇ ਪ੍ਰਸ਼ਾਸਨ ਇਸ ਦੀ ਪਾਲਣਾ 'ਤੇ ਨਜ਼ਰ ਰੱਖੇਗਾ। ਅੰਦੋਲਨ ਦਾ ਪਿਛੋਕੜ ਜ਼ਿਕਰਯੋਗ ਹੈ ਕਿ ਕੈਂਪਸ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਦੀ ਬਹਾਲੀ, ਕੈਂਪਸ ਵਿੱਚ ਦਾਖਲੇ 'ਤੇ ਲਗਾਈਆਂ ਪਾਬੰਦੀਆਂ ਅਤੇ ਵਿਦਿਆਰਥੀਆਂ 'ਤੇ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਦੇ ਵਿਰੋਧ 'ਚ ਇਹ ਅੰਦੋਲਨ ਤੇਜ਼ ਹੋਇਆ ਸੀ। ਸਥਿਤੀ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਪਹਿਲਾਂ ਪੜ੍ਹਾਈ ਆਨਲਾਈਨ ਮੋਡ 'ਚ ਕਰ ਦਿੱਤੀ ਸੀ, ਜਦਕਿ ਵਿਦਿਆਰਥੀਆਂ ਨੇ ਦਾਅਵਾ ਕੀਤਾ ਸੀ ਕਿ ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਵੀ ਲਿਆ ਸੀ। ਹੁਣ ਪ੍ਰਸ਼ਾਸਨ ਵੱਲੋਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਕੈਂਪਸ ਵਿੱਚ ਹਾਲਾਤ ਸੁਖਾਵੇਂ ਹੋਣ ਦੀ ਉਮੀਦ ਹੈ।