ਮੁਹਾਲੀ ਤੋਂ ਅੱਜ ਰਵਾਨਾ ਹੋਵੇਗੀ ਏਸ਼ੀਅਨ ਚੈਂਪੀਅਨਜ਼ ਟਰਾਫੀ, ਕੌਮਾਂਤਰੀ ਹਾਕੀ ਖਿਡਾਰੀ ਦਿਖਾਉਣਗੇ ਹਰੀ ਝੰਡੀ
ਪੰਜਾਬ ਵਿੱਚ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿੱਚ ਹੋਣ ਵਾਲੀ ਹੀਰੋ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਪ੍ਰਚਾਰ ਲਈ ਸੂਬੇ ਭਰ ਵਿੱਚ ਟਰਾਫੀ ਟੂਰ ਕੱਢਿਆ ਜਾਵੇਗਾ। ਇਸ ਪਹਿਲਕਦਮੀ ਦਾ ਮਕਸਦ ਲੋਕਾਂ ਨੂੰ ਇਸ ਕੌਮਾਂਤਰੀ ਹਾਕੀ ਮੁਕਾਬਲੇ ਨਾਲ ਜੋੜਨਾ ਅਤੇ ਖੇਡ ਪ੍ਰਤੀ ਜਾਗਰੂਕਤਾ ਵਧਾਉਣਾ ਹੈ।
ਟਰਾਫੀ ਟੂਰ ਦੀ ਸ਼ੁਰੂਆਤ 18 ਅਕਤੂਬਰ ਨੂੰ ਸਵੇਰੇ 10 ਵਜੇ ਮੁਹਾਲੀ ਦੇ ਫੇਜ਼-10 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ, ਸੈਕਟਰ-64 ਤੋਂ ਹੋਵੇਗੀ। ਇਸ ਮੌਕੇ ਕੌਮਾਂਤਰੀ ਹਾਕੀ ਖਿਡਾਰੀ ਟਰਾਫੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਦੇ ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਇਸ ਟੂਰ ਦਾ ਉਦੇਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਹਾਕੀ ਪ੍ਰਤੀ ਦਿਲਚਸਪੀ ਤੇ ਉਤਸ਼ਾਹ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਜ਼ਿਲ੍ਹਾ ਖੇਡ ਦਫ਼ਤਰ ਵੱਲੋਂ ਟਰਾਫੀ ਦੀ ਰਵਾਨਗੀ ਅਤੇ ਪ੍ਰਦਰਸ਼ਨ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਸਮਾਗਮ ਦੌਰਾਨ ਹਾਕੀ ਖਿਡਾਰੀਆਂ ਦੀ ਸ਼ਮੂਲੀਅਤ ਨਾਲ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਟਰਾਫੀ ਨਾਲ ਯਾਦਗਾਰੀ ਤਸਵੀਰਾਂ ਖਿਚਵਾਉਣ ਦਾ ਮੌਕਾ ਦੇਣ ਲਈ ਸੈਲਫੀ ਪੁਆਇੰਟ ਬਣਾਇਆ ਜਾਵੇਗਾ।
ਟਰਾਫੀ ਟੂਰ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵਾਗਤੀ ਸਮਾਗਮ ਅਤੇ ਪ੍ਰਚਾਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਮੁਹਾਲੀ ਤੋਂ ਰਵਾਨਾ ਹੋਣ ਮਗਰੋਂ ਟਰਾਫੀ ਫਤਹਿਗੜ੍ਹ ਸਾਹਿਬ ਰਾਹੀਂ ਪਟਿਆਲਾ ਪਹੁੰਚੇਗੀ। ਇਸ ਤੋਂ ਬਾਅਦ ਇਹ ਪੰਜਾਬ ਦੇ ਹੋਰ ਜ਼ਿਲ੍ਹਿਆਂ ਦਾ ਦੌਰਾ ਕਰੇਗੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਖੇਡ ਪ੍ਰੇਮੀਆਂ, ਹਾਕੀ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਪੰਜਾਬ ਵਿੱਚ ਹੋਣ ਵਾਲੇ ਇਸ ਵੱਕਾਰੀ ਕੌਮਾਂਤਰੀ ਖੇਡ ਮੁਕਾਬਲੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।