Daily Suraj

ਪੰਜਾਬੀ

ਮੁੱਖ ਮੰਤਰੀ ਸਿਹਤ ਯੋਜਨਾ ਬਣੀ ਵਰਦਾਨ: 560 ਡਾਇਬਿਟਿਕ ਫੁੱਟ ਮਰੀਜ਼ਾਂ ਦੇ ਅੰਗ ਕੱਟਣ ਤੋਂ ਬਚਾਏ

08 Sep, 2026 05:43 PM

ਸ਼ੂਗਰ (ਡਾਇਬਟੀਜ਼) ਤੋਂ ਪੀੜਤ ਵਿਅਕਤੀ ਦੇ ਪੈਰ ’ਤੇ ਲੱਗੀ ਛੋਟੀ ਜਿਹੀ ਸੱਟ ਵੀ ਵਕਤ ਨਾਲ ਗੰਭੀਰ ਮੈਡੀਕਲ ਐਮਰਜੈਂਸੀ ਦਾ ਰੂਪ ਧਾਰ ਸਕਦੀ ਹੈ। ਨਾੜੀਆਂ ਦੇ ਨੁਕਸਾਨ ਕਾਰਨ ਦਰਦ ਮਹਿਸੂਸ ਕਰਨ ਦੀ ਸਮਰੱਥਾ ਘਟਣ ਅਤੇ ਖ਼ੂਨ ਦਾ ਸੰਚਾਰ ਪ੍ਰਭਾਵਿਤ ਹੋਣ ਨਾਲ ਜ਼ਖ਼ਮ ਭਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਇਨਫੈਕਸ਼ਨ ਡੂੰਘੀ ਫੈਲ ਕੇ ਅੰਗ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਪੰਜਾਬ ਵਿੱਚ ਡਾਇਬਿਟਿਕ ਫੁੱਟ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸੈਂਕੜੇ ਮਰੀਜ਼ਾਂ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ (MMSY) ਇੱਕ ਅਹਿਮ ਸੁਰੱਖਿਆ ਕਵਚ ਸਾਬਤ ਹੋਈ ਹੈ। ਰਾਜ ਸਿਹਤ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਯੋਜਨਾ ਤਹਿਤ ਪਿਛਲੇ ਲਗਭਗ ਅੱਠ ਮਹੀਨਿਆਂ ਦੌਰਾਨ 560 ਮਰੀਜ਼ਾਂ ਨੂੰ ਡਾਇਬਿਟਿਕ ਫੁੱਟ ਅਤੇ ਇਸ ਨਾਲ ਜੁੜੀਆਂ ਪੇਚੀਦਗੀਆਂ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ, ਜਿਸ ’ਤੇ ਸਰਕਾਰ ਵੱਲੋਂ ਕੁੱਲ 1.32 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਵਿੱਚ ਸਭ ਤੋਂ ਵੱਡਾ ਹਿੱਸਾ ਸਰਜੀਕਲ ਇਲਾਜ ਦਾ ਰਿਹਾ, ਜਿਸ ਅਧੀਨ 126 ਮਰੀਜ਼ਾਂ ਦਾ 44.55 ਲੱਖ ਰੁਪਏ ਦੀ ਲਾਗਤ ਨਾਲ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ 123 ਮਰੀਜ਼ਾਂ ਨੂੰ ਮੈਡੀਕਲ ਮੈਨੇਜਮੈਂਟ, ਲੰਮੇ ਸਮੇਂ ਦੀ ਡ੍ਰੈਸਿੰਗ, ਐਂਟੀਬਾਇਓਟਿਕ ਇਲਾਜ, ਟੋ ਅਤੇ ਫੁੱਟ ਸਰਜਰੀ, ਸਕਿਨ ਗ੍ਰਾਫਟਿੰਗ, ਸੀ.ਟੀ. ਸਕੈਨ, ਐੱਮ.ਆਰ.ਆਈ. ਅਤੇ ਬਲੱਡ ਟ੍ਰਾਂਸਫਿਊਜ਼ਨ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ। ਇਸ ਯੋਜਨਾ ਦਾ ਲਾਭ ਲੈਣ ਵਾਲੇ 47 ਸਾਲਾ ਹਰਚਰਨ ਸਿੰਘ, 38 ਸਾਲਾ ਰਾਜਾ, 57 ਸਾਲਾ ਵੀਨਾ ਅਤੇ 67 ਸਾਲਾ ਸੰਤੋਖ ਸਿੰਘ ਵਰਗੇ ਅਨੇਕਾਂ ਲਾਭਪਾਤਰੀਆਂ ਨੇ ਦੱਸਿਆ ਕਿ ਜ਼ਖ਼ਮ ਗੰਭੀਰ ਹੋਣ ਅਤੇ ਇਨਫੈਕਸ਼ਨ ਹੱਡੀਆਂ ਤੱਕ ਪਹੁੰਚਣ ਕਾਰਨ ਉਨ੍ਹਾਂ ਦੇ ਪੈਰ ਕੱਟੇ ਜਾਣ ਦਾ ਖ਼ਤਰਾ ਬਣ ਗਿਆ ਸੀ। ਪਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲੇ ਸਮੇਂ ਸਿਰ ਸਰਜੀਕਲ ਇਲਾਜ ਅਤੇ ਡਾਕਟਰੀ ਦੇਖਭਾਲ ਸਦਕਾ ਉਨ੍ਹਾਂ ਦਾ ਪੈਰ ਕੱਟਣ ਤੋਂ ਬਚ ਗਿਆ ਅਤੇ ਉਹ ਪੂਰੀ ਤਰ੍ਹਾਂ ਸਿਹਤਯਾਬ ਹੋ ਸਕੇ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਸਪਤਾਲ ਪਹੁੰਚਣ 'ਤੇ ਮਰੀਜ਼ ਦਾ ਧਿਆਨ ਸਿਰਫ਼ ਆਪਣੀ ਜਾਨ ਅਤੇ ਅੰਗ ਬਚਾਉਣ 'ਤੇ ਹੋਵੇ, ਨਾ ਕਿ ਇਲਾਜ ਦੇ ਭਾਰੀ ਖ਼ਰਚੇ ਦੀ ਚਿੰਤਾ 'ਤੇ। ਉਨ੍ਹਾਂ ਕਿਹਾ ਕਿ ਯੋਜਨਾ ਦੀ ਅਸਲ ਸਫ਼ਲਤਾ ਮਰੀਜ਼ਾਂ ਦਾ ਸਿਹਤਯਾਬ ਹੋ ਕੇ ਘਰ ਪਰਤਣਾ ਅਤੇ ਪਰਿਵਾਰਾਂ ਨੂੰ ਆਰਥਿਕ ਬੋਝ ਤੋਂ ਬਚਾਉਣਾ ਹੈ।

Posted By: Daily Suraj Bureau

Latest News