Daily Suraj

ਪੰਜਾਬੀ

ਲੰਡਨ ਨੇੜੇ ਦੋ ਯਾਤਰੀ ਰੇਲ ਗੱਡੀਆਂ ਦੀ ਟੱਕਰ, 50 ਤੋਂ ਵੱਧ ਜ਼ਖ਼ਮੀ ਹੋਣ ਦੀ ਸੰਭਾਵਨਾ

20 Jun, 2026 09:58 AM

ਇੰਗਲੈਂਡ ਦੀ ਰਾਜਧਾਨੀ ਲੰਡਨ ਤੋਂ ਕਰੀਬ 60 ਮੀਲ ਉੱਤਰ ਵੱਲ ਸਥਿਤ ਬੈੱਡਫੋਰਡ ਨੇੜੇ ਸ਼ੁੱਕਰਵਾਰ ਸ਼ਾਮ ਦੋ ਯਾਤਰੀ ਰੇਲ ਗੱਡੀਆਂ ਆਪਸ ਵਿੱਚ ਟੱਕਰਾ ਗਈਆਂ। ਹਾਦਸੇ ਵਿੱਚ ਕਈ ਦਰਜਨ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਘਟਨਾ ਤੋਂ ਤੁਰੰਤ ਬਾਅਦ ਬ੍ਰਿਟਿਸ਼ ਟਰਾਂਸਪੋਰਟ ਪੁਲੀਸ, ਫਾਇਰ ਬ੍ਰਿਗੇਡ, ਐਂਬੂਲੈਂਸ ਸੇਵਾਵਾਂ ਅਤੇ ਏਅਰ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ। ਰਿਪੋਰਟਾਂ ਅਨੁਸਾਰ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 6:45 ਵਜੇ ਅਤੇ ਭਾਰਤੀ ਸਮੇਂ ਅਨੁਸਾਰ 19 ਜੂਨ ਨੂੰ ਰਾਤ ਕਰੀਬ 11:55 ਵਜੇ ਵਾਪਰਿਆ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਇੱਕ Luton Airport Express ਟਰੇਨ ਨੂੰ ਨੁਕਸਾਨ ਪਹੁੰਚਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਪਟੜੀਆਂ ਦੇ ਨੇੜੇ ਸੁਰੱਖਿਅਤ ਥਾਵਾਂ ਵੱਲ ਲਿਜਾਂਦੇ ਵੀ ਦੇਖਿਆ ਗਿਆ। ਕੁਝ ਬ੍ਰਿਟਿਸ਼ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਾਦਸੇ ਵਿੱਚ 50 ਤੋਂ ਵੱਧ ਲੋਕ ਜ਼ਖ਼ਮੀ ਹੋ ਸਕਦੇ ਹਨ। ਬੈੱਡਫੋਰਡ ਹਸਪਤਾਲ ਨੇ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰਦਿਆਂ ਵਾਧੂ ਸਟਾਫ਼ ਨੂੰ ਡਿਊਟੀ 'ਤੇ ਬੁਲਾਇਆ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਹੁਣ ਤੱਕ ਨਾ ਤਾਂ ਜ਼ਖ਼ਮੀਆਂ ਦੀ ਅਤੇ ਨਾ ਹੀ ਕਿਸੇ ਮੌਤ ਦੀ ਕੋਈ ਅਧਿਕਾਰਕ ਗਿਣਤੀ ਜਾਰੀ ਕੀਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਦੋਵੇਂ ਰੇਲ ਗੱਡੀਆਂ East Midlands Railway ਦੀਆਂ ਸਨ ਅਤੇ ਟੱਕਰ ਬੈੱਡਫੋਰਡ ਦੇ ਨੇੜੇ ਹੋਈ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਟਰੇਨ ਨੇ ਅੱਗੇ ਖੜ੍ਹੀ ਜਾਂ ਹੌਲੀ ਗਤੀ ਨਾਲ ਚੱਲ ਰਹੀ ਟਰੇਨ ਦੇ ਪਿਛਲੇ ਹਿੱਸੇ ਨੂੰ ਟੱਕਰ ਮਾਰੀ, ਜਿਸ ਕਾਰਨ ਕਈ ਡੱਬਿਆਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਇਸ ਜਾਣਕਾਰੀ ਦੀ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਤੋਂ ਬਾਅਦ ਲੰਡਨ ਸੇਂਟ ਪੈਨਕ੍ਰਾਸ ਅਤੇ ਲੈਸਟਰ ਦਰਮਿਆਨ ਰੇਲ ਸੇਵਾਵਾਂ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਯਾਤਰਾ ਟਾਲਣ ਜਾਂ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਇਸ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬ੍ਰਿਟਿਸ਼ ਟਰਾਂਸਪੋਰਟ ਪੁਲੀਸ ਨੇ ਕਿਹਾ ਹੈ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ।

Posted By: Daily Suraj Bureau

Latest News