ਸਰਕਾਰ ਵੱਲੋਂ ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ
ਦੇਸ਼ ਵਿੱਚ ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ (ਐਨਐਮਐਚਪੀ) ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਜਣੇਪੇ ਤੋਂ ਬਾਅਦ ਮਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸਾਵਿਤਰੀ ਠਾਕੁਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਐਨਐਮਐਚਪੀ ਦੇ ਜ਼ਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ (ਡੀਐਮਐਚਪੀ) ਹਿੱਸੇ ਨੂੰ 767 ਜ਼ਿਲ੍ਹਿਆਂ ਵਿੱਚ ਲਾਗੂ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਰਾਸ਼ਟਰੀ ਸਿਹਤ ਮਿਸ਼ਨ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਡੀਐਮਐਚਪੀ ਅਧੀਨ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਅਤੇ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਪੱਧਰ ‘ਤੇ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਬਾਹਰੀ ਮਰੀਜ਼ ਸੇਵਾਵਾਂ, ਮਾਨਸਿਕ ਸਿਹਤ ਮੁਲਾਂਕਣ, ਸਲਾਹ-ਮਸ਼ਵਰਾ ਅਤੇ ਮਨੋਵਿਗਿਆਨਕ-ਸਮਾਜਿਕ ਹਸਤਖੇਪ, ਗੰਭੀਰ ਮਾਨਸਿਕ ਰੋਗੀਆਂ ਲਈ ਲਗਾਤਾਰ ਦੇਖਭਾਲ, ਦਵਾਈਆਂ, ਆਊਟਰੀਚ ਅਤੇ ਐਂਬੂਲੈਂਸ ਸੇਵਾਵਾਂ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ 10 ਬਿਸਤਰਿਆਂ ਵਾਲੀ ਇਨ-ਪੇਸ਼ੈਂਟ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਸਰਕਾਰ ਵੱਲੋਂ 1.83 ਲੱਖ ਤੋਂ ਵੱਧ ਉਪ ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਆਯੁਸ਼ਮਾਨ ਅਰੋਗਿਆ ਮੰਦਰਾਂ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਆਯੁਸ਼ਮਾਨ ਅਰੋਗਿਆ ਮੰਦਰਾਂ ਵਿੱਚ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਦੇ ਤਹਿਤ ਮਾਨਸਿਕ ਸਿਹਤ ਸੇਵਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਅਧੀਨ ਮਾਨਸਿਕ, ਤੰਤੂ ਅਤੇ ਨਸ਼ੇ ਨਾਲ ਸੰਬੰਧਿਤ ਰੋਗਾਂ (ਐਮਐਨਐਸ) ਲਈ ਵੱਖ-ਵੱਖ ਪੱਧਰਾਂ ਦੇ ਕਰਮਚਾਰੀਆਂ ਲਈ ਦਿਸ਼ਾ-ਨਿਰਦੇਸ਼ ਅਤੇ ਟ੍ਰੇਨਿੰਗ ਮੈਨੂਅਲ ਜਾਰੀ ਕੀਤੇ ਗਏ ਹਨ। ਐਨਐਮਐਚਪੀ ਦੇ ਤੀਜੇ ਦਰਜੇ ਦੇ ਇਲਾਜ ਹਿੱਸੇ ਤਹਿਤ ਮਾਨਸਿਕ ਸਿਹਤ ਵਿਸ਼ੇਸ਼ਤਾਵਾਂ ਵਿੱਚ ਪੋਸਟ-ਗ੍ਰੈਜੂਏਟ ਵਿਭਾਗਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਉੱਚ ਪੱਧਰੀ ਇਲਾਜ ਸਹੂਲਤਾਂ ਦੇਣ ਲਈ 25 ਸੈਂਟਰ ਆਫ ਐਕਸੀਲੈਂਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ 19 ਸਰਕਾਰੀ ਮੈਡੀਕਲ ਕਾਲਜਾਂ ਅਤੇ ਸੰਸਥਾਵਾਂ ਵਿੱਚ 47 ਪੀਜੀ ਵਿਭਾਗਾਂ ਨੂੰ ਮਜ਼ਬੂਤ ਕਰਨ ਲਈ ਵੀ ਸਹਾਇਤਾ ਦਿੱਤੀ ਗਈ ਹੈ। ਦੇਸ਼ ਵਿੱਚ ਇਸ ਸਮੇਂ 47 ਸਰਕਾਰੀ ਮਾਨਸਿਕ ਹਸਪਤਾਲ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਤਿੰਨ ਕੇਂਦਰੀ ਸੰਸਥਾਵਾਂ ਵੀ ਸ਼ਾਮਲ ਹਨ—ਬੰਗਲੁਰੂ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼, ਤੇਜ਼ਪੁਰ (ਅਸਾਮ) ਸਥਿਤ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਰੀਜਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਅਤੇ ਰਾਂਚੀ ਸਥਿਤ ਸੈਂਟਰਲ ਇੰਸਟੀਚਿਊਟ ਆਫ ਸਾਈਕਾਇਟ੍ਰੀ। ਸਾਰੇ ਏਮਜ਼ ਸੰਸਥਾਨਾਂ ਵਿੱਚ ਵੀ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਦੇਸ਼ ਵਿੱਚ ਗੁਣਵੱਤਾ ਵਾਲੀ ਮਾਨਸਿਕ ਸਿਹਤ ਸਲਾਹ ਅਤੇ ਇਲਾਜ ਸੇਵਾਵਾਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਲਈ “ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ” ਦੀ ਵੀ ਸ਼ੁਰੂਆਤ ਕੀਤੀ ਹੈ।
Posted By: Daily Suraj Bureau