ਅੰਮ੍ਰਿਤਸਰ ਦੇ ਇਤਿਹਾਸਕ ਚਾਹ ਸਟਾਲ ਤੋਂ ਭਾਜਪਾ ਦਾ ਚੋਣੀ ਅਭਿਆਨ ਸ਼ੁਰੂ, ‘ਆਪ’ ਸਰਕਾਰ ’ਤੇ ਤਿੱਖੇ ਹਮਲੇ
ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪਾਰਟੀ ਨੇ ਪੰਜਾਬ ਵਿੱਚ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਣ ਦਾ ਸੰਕੇਤ ਦਿੰਦਿਆਂ ਆਪਣੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਪੰਜਾਬ ਭੇਜਿਆ ਹੈ। ਇਸ ਸੰਦੇਸ਼ ਵਿੱਚ ਕਿਹਾ ਗਿਆ ਹੈ, “ਬੰਗਾਲ ਜਿੱਤਿਆ, ਹੁਣ ਪੰਜਾਬ ਜਿੱਤਾਂਗੇ।” ਅੰਮ੍ਰਿਤਸਰ ਵਿੱਚ ਮੰਗਲਵਾਰ ਸਵੇਰੇ ਤਰੁਣ ਚੁੱਘ ਨੇ ਸੈਂਕੜੇ ਭਾਜਪਾ ਵਰਕਰਾਂ ਅਤੇ ਸਥਾਨਕ ਲੋਕਾਂ ਨਾਲ ਨੁੱਕੜ ਮੀਟਿੰਗ ਕੀਤੀ। ਪਾਰਟੀ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਚੁੱਘ ਖੁਦ ਚਾਹ ਬਣਾਉਂਦੇ ਅਤੇ ਵਰਕਰਾਂ ਨੂੰ ਪਿਲਾਉਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ‘ਚਾਹ ਪੇ ਚਰਚਾ’ ਰਾਹੀਂ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਸਿੱਧਾ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਇੱਕ ਇਤਿਹਾਸਕ ਅਤੇ ਪੁਰਾਣੇ ਚਾਹ ਸਟਾਲ ’ਤੇ ਕਰਵਾਇਆ ਗਿਆ, ਜਿਸ ਨਾਲ ਤਰੁਣ ਚੁੱਘ ਦੀਆਂ ਨਿੱਜੀ ਯਾਦਾਂ ਵੀ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ 40 ਸਾਲ ਪਹਿਲਾਂ ਉਨ੍ਹਾਂ ਨੇ ਇਸੇ ਚਾਹ ਸਟਾਲ ਤੋਂ ਵਿਦਿਆਰਥੀ ਰਾਜਨੀਤੀ ਕਰਦਿਆਂ ਆਪਣੇ ਸਮਾਜਿਕ ਅਤੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਉਸੇ ਥਾਂ ਤੋਂ ਪੰਜਾਬ ਵਿੱਚ ਸੰਪੂਰਨ ਤਬਦੀਲੀ ਦੀ ਲਹਿਰ ਸ਼ੁਰੂ ਕਰਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਪਾਰਟੀ ਦੀਆਂ ਹਾਲੀਆ ਜਿੱਤਾਂ ਦੀ ਖੁਸ਼ੀ ਵਿੱਚ ਚੁੱਘ ਵੱਲੋਂ ਮਿਠਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਭਾਜਪਾ ਦੀ ਮਜ਼ਬੂਤ ਸਿਆਸੀ ਮੌਜੂਦਗੀ ਦਾ ਦਾਅਵਾ ਕਰਦਿਆਂ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਉਸ ਬਦਲਾਅ ਦੀ ਆਵਾਜ਼ ਬਣੇਗੀ। ਇਸ ਦੌਰਾਨ ਤਰੁਣ ਚੁੱਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਹਮਲੇ ਵੀ ਕੀਤੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ “ਫੇਲ੍ਹ ਅਤੇ ਹੰਕਾਰੀ ਸਰਕਾਰ” ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਬੇਕਾਬੂ ਹੋ ਚੁੱਕੀ ਹੈ ਅਤੇ ਸਰਕਾਰੀ ਸਰੋਤਾਂ ਦੀ ਬੇਤਹਾਸਾ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਨਸ਼ਾ ਮੁਕਤੀ ਅਤੇ ਕਾਨੂੰਨ-ਵਿਵਸਥਾ ਸੁਧਾਰਨ ਵਰਗੀਆਂ ਚੋਣੀ ਗਾਰੰਟੀਆਂ ’ਤੇ ਸਰਕਾਰ ਖਰੀ ਨਹੀਂ ਉਤਰੀ। ਚੁੱਘ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਿਆਸੀ ਤਬਦੀਲੀ ਦੀ ਹਵਾ ਚੱਲ ਰਹੀ ਹੈ ਅਤੇ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਭਾਜਪਾ ਨਵਾਂ ਇਤਿਹਾਸ ਰਚੇਗੀ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਪੂਰਬ ਅਤੇ ਦੱਖਣੀ ਰਾਜਾਂ ਵਿੱਚ ਮਿਲੀਆਂ ਸਫ਼ਲਤਾਵਾਂ ਤੋਂ ਪਾਰਟੀ ਨੂੰ ਨਵਾਂ ਉਤਸ਼ਾਹ ਮਿਲਿਆ ਹੈ, ਜਿਸਦਾ ਪ੍ਰਭਾਵ ਪੰਜਾਬ ਸਮੇਤ ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਗੋਆ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਵੀ ਵੇਖਣ ਨੂੰ ਮਿਲੇਗਾ। ਤਰੁਣ ਚੁੱਘ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਅਜਿਹਾ ਸੂਬਾ ਚਾਹੁੰਦੇ ਹਨ ਜਿੱਥੇ ਕਿਸਾਨਾਂ ਨੂੰ ਫਸਲਾਂ ਦਾ ਠੀਕ ਮੁੱਲ ਮਿਲੇ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਹੋਣ ਅਤੇ ਲੋਕਾਂ ਨੂੰ ਸੁਰੱਖਿਆ ਦੀ ਗਾਰੰਟੀ ਮਿਲੇ। ਉਨ੍ਹਾਂ ਮੁਤਾਬਕ ‘ਚਾਹ ਪੇ ਚਰਚਾ’ ਮੌਜੂਦਾ ਸਰਕਾਰ ਖ਼ਿਲਾਫ਼ ਇੱਕ ਵੱਡੇ ਜਨ ਅੰਦੋਲਨ ਦੀ ਸ਼ੁਰੂਆਤ ਹੈ, ਜਿਸਦਾ ਮਕਸਦ ਪੰਜਾਬ ਨੂੰ ਮੁੜ ਆਰਥਿਕ ਤਰੱਕੀ ਦੀ ਰਾਹ ’ਤੇ ਲਿਆਉਣਾ ਹੈ।
Posted By: Daily Suraj Bureau