Daily Suraj

ਪੰਜਾਬੀ

ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਮਾਮਲੇ ’ਚ ਹਰਿੰਦਰਪਾਲ ਅਥਵਾਲ ਦੋਸ਼ੀ ਕਰਾਰ

20 May, 2026 11:51 AM

ਇੰਗਲੈਂਡ ਦੀ ਇੱਕ ਅਦਾਲਤ ਨੇ ਬਰਮਿੰਘਮ ਦੇ ਸੋਹੋ ਰੋਡ ’ਤੇ ਵਾਪਰੇ ਇੱਕ ਭਿਆਨਕ ਰੋਡ ਰੇਜ ਮਾਮਲੇ ਵਿੱਚ ਪੰਜਾਬੀ ਮੂਲ ਦੇ 41 ਸਾਲਾ ਹਰਿੰਦਰਪਾਲ ਅਥਵਾਲ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ। ਵੈਸਟ ਮਿਡਲੈਂਡਜ਼ ਪੁਲੀਸ ਮੁਤਾਬਕ, ਇਹ ਘਟਨਾ ਲੰਘੇ ਸਾਲ 16 ਦਸੰਬਰ ਦੀ ਸਵੇਰ ਵਾਪਰੀ ਸੀ। ਹਰਿੰਦਰਪਾਲ ਅਥਵਾਲ ਨੇ ਬਰਮਿੰਘਮ ਸਿਟੀ ਸੈਂਟਰ ਤੋਂ ਨਿਕਲਣ ਮਗਰੋਂ ਸੋਹੋ ਰੋਡ ’ਤੇ ਆਪਣੀ ਕਾਰ ਬੇਧਿਆਨੀ ਅਤੇ ਖ਼ਤਰਨਾਕ ਢੰਗ ਨਾਲ ਚਲਾਈ। ਉਸ ਨੇ ਆਪਣੀ ਗੱਡੀ ਸਾਹਮਣੇ ਤੋਂ ਆ ਰਹੀ ਟਰੈਫਿਕ ਵੱਲ ਮੋੜੀ ਅਤੇ ਫਿਰ ਫੁੱਟਪਾਥ ’ਤੇ ਚੜ੍ਹਾ ਦਿੱਤੀ। ਇਸ ਦੌਰਾਨ ਫੁੱਟਪਾਥ ’ਤੇ ਖੜ੍ਹੇ 54 ਸਾਲਾ ਵਿਅਕਤੀ ਅਤੇ ਉਸ ਦੀ 47 ਸਾਲਾ ਪਤਨੀ ਨੂੰ ਉਸ ਨੇ ਕਾਰ ਦੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਕਾਰ ਇੱਕ ਖੜ੍ਹੇ ਵਾਹਨ ਨਾਲ ਟਕਰਾ ਗਈ। ਪੁਲੀਸ ਦੇ ਅਨੁਸਾਰ, ਅਥਵਾਲ ਨੇ ਇੱਥੇ ਹੀ ਨਹੀਂ ਰੁਕਿਆ, ਸਗੋਂ ਉਸ ਨੇ ਕਾਰ ਨੂੰ ਪਿੱਛੇ ਮੋੜ ਕੇ ਮੁੜ ਉਸ ਵਿਅਕਤੀ ਉੱਤੇ ਚੜ੍ਹਾ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਸ ਦਰਦਨਾਕ ਘਟਨਾ ਵਿੱਚ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੀੜਤ ਮਹਿਲਾ ਨੂੰ ਅਜਿਹੀਆਂ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਨੂੰ ਸਦੀਵੀ ਤੌਰ ’ਤੇ ਪ੍ਰਭਾਵਿਤ ਕਰ ਦਿੱਤਾ ਹੈ। ਅਦਾਲਤ ਵਿੱਚ ਪੀੜਤ ਮਹਿਲਾ ਨੇ ਭਾਵੁਕ ਬਿਆਨ ਦਿੰਦਿਆਂ ਕਿਹਾ ਕਿ ਇਸ ਘਟਨਾ ਨੇ ਉਸ ਤੋਂ ਉਸ ਦਾ ਪਤੀ ਛੀਣ ਲਿਆ, ਉਸ ਦੀ ਸਿਹਤ ਤਬਾਹ ਕਰ ਦਿੱਤੀ ਅਤੇ ਉਸ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਉਸ ਨੇ ਕਿਹਾ ਕਿ ਉਹ ਹਰ ਰੋਜ਼ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਹੈ, ਜੋ ਪਰਿਵਾਰ ਦਾ ਸਭ ਤੋਂ ਵੱਡਾ ਸਹਾਰਾ ਸਨ। ਓਲਡਬਰੀ ਦੇ ਸੋਰਲ ਕਲੋਜ਼ ਦੇ ਰਹਿਣ ਵਾਲੇ ਹਰਿੰਦਰਪਾਲ ਅਥਵਾਲ ਨੂੰ ਪੁਲੀਸ ਨੇ ਘਟਨਾ ਤੋਂ ਇੱਕ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਮਗਰੋਂ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਕਿਸੇ ਦੀ ਮੌਤ ਹੋਣ ਦੀ ਜਾਣਕਾਰੀ ਨਹੀਂ ਸੀ। ਬਾਅਦ ਵਿੱਚ 19 ਜਨਵਰੀ ਨੂੰ ਉਸ ਨੇ ਅਦਾਲਤ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਸਮੇਤ ਕਈ ਗੰਭੀਰ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਬਰਮਿੰਘਮ ਕਰਾਊਨ ਕੋਰਟ ਨੇ 13 ਮਈ ਨੂੰ ਉਸ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦਿਆਂ ਇਹ ਵੀ ਹੁਕਮ ਦਿੱਤਾ ਕਿ ਰਿਹਾਈ ਤੋਂ ਬਾਅਦ ਅਗਲੇ 20 ਸਾਲਾਂ ਤੱਕ ਹਰਿੰਦਰਪਾਲ ਅਥਵਾਲ ਵਾਹਨ ਨਹੀਂ ਚਲਾ ਸਕੇਗਾ।

Posted By: Daily Suraj Bureau

Latest News