42 ਸਾਲਾਂ ਵਿੱਚ ਪਹਿਲੀ ਵਾਰ ਜਾਪਾਨੀ ਨਾਗਰਿਕਾਂ ਦੀ ਆਬਾਦੀ 120 ਮਿਲੀਅਨ ਤੋਂ ਹੇਠਾਂ ਪਹੁੰਚੀ
ਜਾਪਾਨ ਵਿੱਚ ਘਟਦੀ ਆਬਾਦੀ ਦਾ ਰੁਝਾਨ ਲਗਾਤਾਰ ਜਾਰੀ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਾਲ 1 ਜਨਵਰੀ ਤੱਕ ਜਾਪਾਨੀ ਨਾਗਰਿਕਾਂ ਦੀ ਕੁੱਲ ਆਬਾਦੀ 42 ਸਾਲਾਂ ਵਿੱਚ ਪਹਿਲੀ ਵਾਰ 120 ਮਿਲੀਅਨ ਤੋਂ ਹੇਠਾਂ ਆ ਗਈ ਹੈ। ਇਹ ਅੰਕੜਾ ਦੇਸ਼ ਦੀ ਘਟਦੀ ਜਨਮ ਦਰ ਅਤੇ ਵੱਧ ਰਹੀ ਉਮਰਦਰਾਜ਼ ਆਬਾਦੀ ਵੱਲ ਇਸ਼ਾਰਾ ਕਰਦਾ ਹੈ। ਅੰਦਰੂਨੀ ਮਾਮਲਿਆਂ ਅਤੇ ਸੰਚਾਰ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਜਾਪਾਨੀ ਨਾਗਰਿਕਾਂ ਦੀ ਗਿਣਤੀ ਵਿੱਚ 9 ਲੱਖ 17 ਹਜ਼ਾਰ ਦੀ ਕਮੀ ਦਰਜ ਕੀਤੀ ਗਈ ਹੈ। 1968 ਵਿੱਚ ਤੁਲਨਾਤਮਕ ਅੰਕੜੇ ਉਪਲਬਧ ਹੋਣ ਤੋਂ ਬਾਅਦ ਇਹ ਇੱਕ ਸਾਲ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਡੀ ਗਿਰਾਵਟ ਹੈ। ਰਿਪੋਰਟ ਅਨੁਸਾਰ, ਜਾਪਾਨ ਦੇ 47 ਪ੍ਰੀਫੈਕਚਰਾਂ ਵਿੱਚੋਂ ਸਿਰਫ਼ ਟੋਕੀਓ ਹੀ ਅਜਿਹਾ ਖੇਤਰ ਰਿਹਾ, ਜਿੱਥੇ ਜਾਪਾਨੀ ਨਾਗਰਿਕਾਂ ਦੀ ਗਿਣਤੀ ਵਿੱਚ 0.09 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਉਲਟ, ਵਿਦੇਸ਼ੀ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲਿਆ। ਵਿਦੇਸ਼ੀ ਨਿਵਾਸੀਆਂ ਦੀ ਸੰਖਿਆ 3 ਲੱਖ 54 ਹਜ਼ਾਰ ਵਧ ਕੇ 40 ਲੱਖ 31 ਹਜ਼ਾਰ 159 ਹੋ ਗਈ, ਜੋ ਕਿ 2013 ਵਿੱਚ ਮੰਤਰਾਲੇ ਵੱਲੋਂ ਇਸ ਸੰਬੰਧੀ ਅੰਕੜੇ ਇਕੱਠੇ ਕਰਨ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। ਵਿਦੇਸ਼ੀ ਨਿਵਾਸੀਆਂ ਨੂੰ ਸ਼ਾਮਲ ਕਰਦੇ ਹੋਏ ਜਾਪਾਨ ਦੀ ਕੁੱਲ ਆਬਾਦੀ 12 ਕਰੋੜ 37 ਲੱਖ 67 ਹਜ਼ਾਰ 642 ਦਰਜ ਕੀਤੀ ਗਈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 5 ਲੱਖ 63 ਹਜ਼ਾਰ ਘੱਟ ਹੈ। ਕੁੱਲ ਆਬਾਦੀ ਵਿੱਚ ਵਾਧਾ ਕੇਵਲ ਟੋਕੀਓ, ਚਿਬਾ ਅਤੇ ਓਸਾਕਾ ਪ੍ਰੀਫੈਕਚਰਾਂ ਵਿੱਚ ਹੀ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਜਾਰੀ ਸਰਕਾਰੀ ਅੰਕੜਿਆਂ ਤੋਂ ਇਹ ਵੀ ਸਾਹਮਣੇ ਆਇਆ ਸੀ ਕਿ 1 ਅਪ੍ਰੈਲ ਤੱਕ ਜਾਪਾਨ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਘਟ ਕੇ ਅੰਦਾਜ਼ਨ 1 ਕਰੋੜ 32 ਲੱਖ 90 ਹਜ਼ਾਰ ਰਹਿ ਗਈ ਹੈ। ਇਹ ਇੱਕ ਸਾਲ ਪਹਿਲਾਂ ਦੇ ਮੁਕਾਬਲੇ 3 ਲੱਖ 50 ਹਜ਼ਾਰ ਘੱਟ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਬੱਚਿਆਂ ਦੀ ਆਬਾਦੀ ਵਿੱਚ ਇਹ ਲਗਾਤਾਰ 45ਵੇਂ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਕਿਓਡੋ ਨਿਊਜ਼ ਦੀ ਰਿਪੋਰਟ ਅਨੁਸਾਰ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹਿੱਸਾ ਕੁੱਲ ਆਬਾਦੀ ਦਾ ਘਟ ਕੇ 10.8 ਫ਼ੀਸਦੀ ਰਹਿ ਗਿਆ ਹੈ, ਜੋ ਕਿ 1950 ਤੋਂ ਉਪਲਬਧ ਤੁਲਨਾਤਮਕ ਅੰਕੜਿਆਂ ਵਿੱਚ ਸਭ ਤੋਂ ਘੱਟ ਹੈ। ਵਿਦੇਸ਼ੀ ਨਿਵਾਸੀਆਂ ਸਮੇਤ ਇਹ ਅੰਕੜੇ ਹਰ ਪੰਜ ਸਾਲਾਂ ਬਾਅਦ ਕਰਵਾਈ ਜਾਣ ਵਾਲੀ ਰਾਸ਼ਟਰੀ ਜਨਗਣਨਾ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਪਰਿਵਾਰਾਂ ਲਈ ਵਿੱਤੀ ਸਹਾਇਤਾ ਸਮੇਤ ਕਈ ਸਰਕਾਰੀ ਉਪਰਾਲਿਆਂ ਦੇ ਬਾਵਜੂਦ ਜਾਪਾਨ ਵਿੱਚ ਆਬਾਦੀ ਵਿੱਚ ਗਿਰਾਵਟ ਦਾ ਰੁਝਾਨ ਪਿਛਲੇ 45 ਸਾਲਾਂ ਤੋਂ ਜਾਰੀ ਹੈ। ਘਟਦੀ ਜਨਮ ਦਰ ਨੂੰ ਰੋਕਣ ਲਈ ਜਾਪਾਨ ਸਰਕਾਰ ਨੇ 2030 ਤੱਕ ਦੇ ਸਮੇਂ ਨੂੰ ਇਸ ਰੁਝਾਨ ਨੂੰ ਬਦਲਣ ਲਈ "ਆਖਰੀ ਮੌਕਾ" ਕਰਾਰ ਦਿੱਤਾ ਹੈ।
Posted By: Daily Suraj Bureau