ਨੇਪਾਲ ਹੜ੍ਹ: 300 ਤੋਂ ਵੱਧ ਭਾਰਤੀ ਲਾਪਤਾ, ਭਾਰਤੀ ਦੂਤਾਵਾਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ
ਨੇਪਾਲ-ਤਿਬਤ ਸਰਹੱਦ ਨੇੜੇ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਲਾਪਤਾ ਹੋਏ ਹਜ਼ਾਰਾਂ ਲੋਕਾਂ ਵਿੱਚ ਲਗਪਗ 300 ਭਾਰਤੀ ਸੈਲਾਨੀ ਵੀ ਸ਼ਾਮਲ ਹਨ। ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਾਨਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਆਏ ਹੜ੍ਹਾਂ ਨੇ ਨੇਪਾਲ ਦੇ ਤਿੰਨ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਹੈ। ਵਿਦੇਸ਼ ਮੰਤਰੀ ਖਾਨਲ ਮੁਤਾਬਕ ਰਸੂਵਾ ਖੇਤਰ ਵਿੱਚ ਇਸ ਤ੍ਰਾਸਦੀ ਕਾਰਨ 160 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਸੀ ਅਤੇ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਪਰਿਵਾਰਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਲੋਕਾਂ ਦੇ ਲਾਪਤਾ ਹੋਣ ਕਾਰਨ ਤਬਾਹੀ ਦੇ ਅਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ। ਨੇਪਾਲ ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਭੋਤੇਕੋਸ਼ੀ ਨਦੀ ਵਿੱਚ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 162 ਹੋ ਗਈ ਹੈ। ਇਹ ਹੜ੍ਹ ਚੀਨ ਨਾਲ ਲੱਗਦੀ ਨੇਪਾਲੀ ਸਰਹੱਦ ਨੇੜੇ ਰਸੂਵਾਗੜ੍ਹੀ ਦੇ ਤਿਮੁਰੇ ਇਲਾਕੇ ਵਿੱਚ ਆਇਆ ਸੀ। ਦੱਸਿਆ ਗਿਆ ਹੈ ਕਿ ਭੋਤੇਕੋਸ਼ੀ ਦੀ ਸਹਾਇਕ ਨਦੀ ਲ੍ਹੇਂਦੇ ਵਿੱਚ ਬਰਫ਼ ਦਾ ਤੋਦਾ ਡਿੱਗਣ ਕਾਰਨ ਇਹ ਹੜ੍ਹ ਆਇਆ। ਬੁੱਧਵਾਰ ਨੂੰ ਸਾਹਮਣੇ ਆਈ ਜਾਣਕਾਰੀ ਅਨੁਸਾਰ ਲਗਪਗ 500 ਲਾਪਤਾ ਲੋਕਾਂ ਵਿੱਚ ਘੱਟੋ-ਘੱਟ 133 ਭਾਰਤੀ ਅਤੇ 37 ਪਰਵਾਸੀ ਭਾਰਤੀ (NRI) ਸ਼ਾਮਲ ਸਨ। ਇਨ੍ਹਾਂ ਵਿੱਚ ਘੱਟੋ-ਘੱਟ 50 ਭਾਰਤੀ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਸ਼ਰਧਾਲੂ ਦੱਸੇ ਗਏ ਹਨ। ਭਾਰਤੀ ਦੂਤਾਵਾਸ ਨੇ ਜਾਰੀ ਕੀਤੇ ਐਮਰਜੈਂਸੀ ਨੰਬਰ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨੇ ਹੜ੍ਹ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੀ ਮਦਦ ਅਤੇ ਜਾਣਕਾਰੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪ੍ਰਭਾਵਿਤ ਲੋਕ +977 985 131 6807 ਜਾਂ +977 970 910 7500 ’ਤੇ ਸੰਪਰਕ ਕਰ ਸਕਦੇ ਹਨ। ਦੂਤਾਵਾਸ ਨੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਭਾਰਤੀ ਨਾਗਰਿਕਾਂ ਨੂੰ ਜਲਦੀ ਬਚਾਉਣ ਅਤੇ ਰਾਹਤ ਪਹੁੰਚਾਉਣ ਲਈ ਨੇਪਾਲ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਨੇਪਾਲ ਸਰਕਾਰ ਦੇ ਤਾਲਮੇਲ ਨਾਲ ਬਚਾਅ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਨੇਪਾਲ ਟੂਰਿਜ਼ਮ ਬੋਰਡ ਨੇ ਵੀ ਹੈਲਪਲਾਈਨ ਜਾਰੀ ਕੀਤੀ ਨੇਪਾਲ ਟੂਰਿਜ਼ਮ ਬੋਰਡ ਨੇ ਵੀ ਪ੍ਰਭਾਵਿਤ ਲੋਕਾਂ ਅਤੇ ਸੈਲਾਨੀਆਂ ਦੀ ਮਦਦ ਲਈ ਕਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਟੋਲ-ਫ੍ਰੀ ਐਮਰਜੈਂਸੀ ਨੰਬਰ 1234, ਹੌਟਲਾਈਨ 1144 ਅਤੇ ਟੂਰਿਸਟ ਪੁਲੀਸ ਦਾ ਨੰਬਰ 9851289445 ਸ਼ਾਮਲ ਹੈ। ਇਸ ਤੋਂ ਇਲਾਵਾ ਬੀਜਿੰਗ ਸਥਿਤ ਭਾਰਤੀ ਦੂਤਾਵਾਸ ਨੇ ਵੀ 0086 185 1428 4905 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ’ਤੇ ਵਟਸਐਪ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ।
Posted By: Daily Suraj Bureau