Daily Suraj

ਪੰਜਾਬੀ

ਵਿਆਹ ’ਚ ‘ਆਪ’ ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ

05 Jan, 2026 03:34 AM

ਇੱਥੇ ਵਿਆਹ ’ਚ ਆਏ ‘ਆਪ’ ਸਰਪੰਚ ਦੀ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਸ਼ਨਾਖਤ ਤਰਨ ਤਾਰਨ ਦੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ਝਰਮਲ ਸਿੰਘ ਵਜੋਂ ਹੋਈ ਹੈ। ਉਹ ਇੱਥੇ ਵੇਰਕਾ ਬਾਈਪਾਸ ਨੇੜੇ ਸਥਿਤ ਪੈਲੇਸ ਵਿੱਚ ਵਿਆਹ ਵਿੱਚ ਆਏ ਸਨ। ਸਮਾਗਮ ਵਿੱਚ ਵਿਧਾਇਕ ਸਰਵਣ ਸਿੰਘ ਧੁੰਨ ਵੀ ਹਾਜ਼ਰ ਸਨ।
ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸਰਪੰਚ ਝਰਮਲ ਸਿੰਘ ਵਿਆਹ ’ਚ ਖਾ-ਪੀ ਰਹੇ ਸਨ ਕਿ ਦੋ ਹਮਲਾਵਰ ਆਏ ਤੇ ਉਨ੍ਹਾਂ ਦੇ ਸਿਰ ਵਿੱਚ ਗੋਲੀਆਂ ਮਾਰੀਆਂ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਕ ਬਰਾਤੀ ਨੇ ਦੱਸਿਆ ਕਿ ਉਹ ਕੁਝ ਹੀ ਦੂਰੀ ’ਤੇ ਖੜ੍ਹਾ ਸੀ, ਜਦੋਂ ਹਮਲਾਵਰਾਂ ਵੱਲੋਂ ਸਰਪੰਚ ’ਤੇ ਗੋਲੀ ਚਲਾਈ ਗਈ, ਜਿਸ ਮਗਰੋਂ ਉਹ ਤੁਰੰਤ ਭੱਜ ਗਏ।

ਦਿੱਲੀ ਦੰਗੇ 2020: ਸੁਪਰੀਮ ਕੋਰਟ ਵੱਲੋਂ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ'
‘ਆਪ’ ਵਿਧਾਇਕ ਸਰਵਣ ਸਿੰਘ ਧੁੰਨ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਵੇਲੇ ਉਹ ਹਾਲ ਵਿੱਚ ਬੈਠੇ ਸਨ, ਜਦੋਂਕਿ ਸਰਪੰਚ ਝਰਮਲ ਸਿੰਘ ਬਾਹਰ ਆਪਣੇ ਸਾਥੀਆਂ ਨਾਲ ਬੈਠੇ ਸਨ। ਇਸ ਤੋਂ ਪਹਿਲਾਂ ਉਹ ਦੋਵੇਂ ਇਕੱਠੇ ਹੀ ਪਰਿਵਾਰ ਨੂੰ ਸ਼ਗਨ ਦੇ ਕੇ ਆਏ ਸਨ ਅਤੇ ਦੋਵਾਂ ਨੇ ਚਾਹ ਵੀ ਇਕੱਠੇ ਪੀਤੀ ਸੀ। ਵਿਧਾਇਕ ਦੇ ਵਿਆਹ ਵਿੱਚ ਹੋਣ ਕਾਰਨ ਉਨ੍ਹਾਂ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਵੀ ਇੱਥੇ ਪੈਲੇਸ ਦੇ ਅੰਦਰ ਹੀ ਸਨ।
ਗੈਂਗਸਟਰਾਂ ਵੱਲੋਂ ਮਿਲੀਆਂ ਸਨ ਧਮਕੀਆਂ
ਜਾਣਕਾਰੀ ਮੁਤਾਬਕ ਸਰਪੰਚ ਝਰਮਲ ਸਿੰਘ ਨੂੰ ਕੁਝ ਗੈਂਗਸਟਰਾਂ ਵੱਲੋਂ ਕਥਿਤ ਤੌਰ ’ਤੇ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ’ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਸੀ। ਉਹ ਆੜ੍ਹਤ ਤੋਂ ਇਲਾਵਾ ਹੋਰ ਕਾਰੋਬਾਰ ਵੀ ਕਰਦੇ ਸਨ।
ਮਾਮਲੇ ਦੀ ਜਾਂਚ ਜਾਰੀ: ਡੀ ਸੀ ਪੀ
ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਡੀ ਸੀ ਪੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਪੈਲੇਸ ਅਤੇ ਆਲੇ-ਦੁਆਲੇ ਦੀਆਂ ਸੜਕਾਂ ਤੋਂ ਸੀ ਸੀ ਟੀ ਵੀ ਫੁਟੇਜ ਦੀ ਘੋਖ ਕੀਤੀ ਜਾ ਰਹੀ ਹੈ। ਇਹ ਵਾਰਦਾਤ ਬਾਅਦ ਦੁਪਹਿਰ 3 ਵਜੇ ਦੇ ਕਰੀਬ ਦੀ ਹੈ, ਜਿਸ ਦੌਰਾਨ ਸਰਪੰਚ ’ਤੇ ਨੇੜਿਓਂ ਗੋਲੀ ਚਲਾਈ ਗਈ।
ਪੁਲੀਸ ਨੇ ਵਾਪਸ ਲੈ ਲਈ ਸੀ ਸੁਰੱਖਿਆ
ਤਰਨ ਤਾਰਨ (ਗੁਰਬਖਸ਼ਪੁਰੀ): ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਕਰੀਬੀ ਸਰਪੰਚ ਜਰਮਲ ਸਿੰਘ ਨੂੰ ਸੁਰੱਖਿਆ ਦੇਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਅਤੇ ਪਾਰਟੀ ਆਗੂਆਂ ਦੇ ਬਿਆਨਾਂ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ| ਸਰਪੰਚ ਜਰਮਲ ਸਿੰਘ (50) ਦੀ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਵਿੱਚ ਗੈਂਗਸਟਰ ਪ੍ਰਭ ਦਾਸੂਵਾਲ ਦੇ ਸਾਥੀਆਂ ਨੇ ਸਿਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਸਰਪੰਚ ਜਰਮਲ ਸਿੰਘ ਦੇ ਕਰੀਬੀ ਰਿਸ਼ਤੇਦਾਰ ਕਰਮਜੀਤ ਸਿੰਘ ਦਿਓਲ ਨੇ ਦੱਸਿਆ ਕਿ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਜਿਸ ਨੂੰ ‘ਆਪ’ ਵਿਧਾਇਕ ਸਰਵਣ ਸਿੰਘ ਧੁੰਨ ਆਪਣਾ ਕਾਫ਼ੀ ਕਰੀਬੀ ਸਮਝਦੇ ਸਨ| ਸਰਪੰਚ ਨੂੰ ਪ੍ਰਭ ਦਾਸੂਵਾਲ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੋਈ ਸੀ, ਜੋ ਪੁਲੀਸ ਨੇ ਵਾਪਸ ਲੈ ਲਈ ਸੀ| ਉਂਝ, ਜਰਮਲ ਸਿੰਘ ਨੇ ਆਪਣੇ ਆੜ੍ਹਤ ਦੇ ਮੁਨਸ਼ੀ ਨੂੰ ਸੁਰੱਖਿਆ ਵਜੋਂ ਆਪਣਾ ਗੰਨਮੈਨ ਰੱਖਿਆ ਹੋਇਆ ਸੀ। ਜਰਮਲ ਸਿੰਘ ਪ੍ਰਾਪਰਟੀ ਦਾ ਵੀ ਕਾਰੋਬਾਰ ਕਰਦਾ ਸੀ| ਉਸ ਤੋਂ ਪ੍ਰਭ ਦਾਸੂਵਾਲ ਨੇ 50 ਲੱਖ ਰੁਪਏ ਫਿਰੌਤੀ ਮੰਗੀ ਸੀ| ਸੁਰੱਖਿਆ ਦੇਣ ਦੇ ਮਾਮਲੇ ਵਿੱਚ ਇਲਾਕੇ ਦੇ ‘ਆਪ’ ਆਗੂਆਂ ਨੇ ਪੁਲੀਸ ਨੂੰ ਕਥਿਤ ਅਣਗਹਿਲੀ ਲਈ ਕਸੂਰਵਾਰ ਦੱਸਿਆ ਹੈ|
ਮਾਮਲੇ ਦੀ ਜਾਂਚ ਕਰਾਵਾਂਗਾ: ਐੱਸ ਐੱਸ ਪੀ
ਐੱਸ ਐੱਸ ਪੀ ਸੁਰੇਂਦਰ ਲਾਂਬਾ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਸਰਪੰਚ ਜਰਮਲ ਸਿੰਘ ਨੂੰ ਸੁਰੱਖਿਆ ਦਿੱਤੀ ਹੋਈ ਸੀ। ਘਟਨਾ ਵੇਲੇ ਕਿਸੇ ਸੁਰੱਖਿਆ ਮੁਲਾਜ਼ਮ ਦੇ ਮੌਕੇ ’ਤੇ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ|

Posted By: Daily Suraj Bureau

Latest News