ਸੁਪਰੀਮ ਕੋਰਟ ਦੀ ਮਨਜ਼ੂਰੀ ਮਗਰੋਂ ਹਰੀਸ਼ ਰਾਣਾ ਦਾ ਦੇਹਾਂਤ, ਛੇ ਲੋਕਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ
ਗਾਜ਼ੀਆਬਾਦ ਦੇ ਰਹਿਣ ਵਾਲੇ ਹਰੀਸ਼ ਰਾਣਾ, ਜਿਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਇੱਛਾ ਮੌਤ ਦੀ ਪ੍ਰਵਾਨਗੀ ਦਿੱਤੀ ਗਈ ਸੀ, ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਛੋਟੇ ਭਰਾ ਆਸ਼ੀਸ਼ ਨੇ ਸਵੇਰੇ ਕਰੀਬ 9:40 ਵਜੇ ਦਿੱਲੀ ਦੇ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿੱਚ ਚਿਤਾ ਨੂੰ ਅਗਨੀ ਦਿੱਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਹਰੀਸ਼ ਰਾਣਾ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਪਿਤਾ ਅਸ਼ੋਕ ਰਾਣਾ (62) ਨੇ ਭਾਵੁਕ ਹੋ ਕੇ ਅੰਤਿਮ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਖ ਪ੍ਰਗਟ ਕਰਨ ਦੀ ਬਜਾਏ ਉਹਨਾਂ ਦੇ ਪੁੱਤਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ। ਜਾਣਕਾਰੀ ਅਨੁਸਾਰ, 31 ਸਾਲਾ ਹਰੀਸ਼ ਰਾਣਾ ਨੇ 24 ਮਾਰਚ ਨੂੰ ਦਿੱਲੀ ਦੇ ਏਮਜ਼ ਵਿੱਚ ਆਪਣਾ ਆਖਰੀ ਸਾਹ ਲਿਆ। ਉਹ ਪਿਛਲੇ 13 ਸਾਲਾਂ ਤੋਂ ਕੋਮਾ ਵਿੱਚ ਸਨ। ਡਾਕਟਰਾਂ ਮੁਤਾਬਕ, ਪਰਿਵਾਰ ਵੱਲੋਂ ਉਨ੍ਹਾਂ ਦੇ ਫੇਫੜੇ, ਦੋਵੇਂ ਗੁਰਦੇ ਅਤੇ ਕੌਰਨੀਆ ਦਾਨ ਕੀਤੇ ਗਏ ਹਨ, ਜਿਸ ਨਾਲ ਛੇ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਸੰਭਾਵਨਾ ਹੈ। ਹਰੀਸ਼ ਰਾਣਾ ਨੂੰ ਏਮਜ਼ ਵਿੱਚ ਪੈਸਿਵ ਯੂਥੇਨੇਸੀਆ ਦਿੱਤਾ ਗਿਆ ਸੀ, ਜਿਸਦਾ ਅਰਥ ਹੈ ਕਿ ਮਰੀਜ਼ ਨੂੰ ਜ਼ਿੰਦਾ ਰੱਖਣ ਲਈ ਦਿੱਤੀ ਜਾ ਰਹੀ ਬਾਹਰੀ ਜੀਵਨ ਸਹਾਇਤਾ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਜੋ ਮਰੀਜ਼ ਕੁਦਰਤੀ ਤੌਰ ‘ਤੇ ਜੀਵਨ ਖਤਮ ਕਰ ਸਕੇ। ਸੁਪਰੀਮ ਕੋਰਟ ਨੇ 11 ਮਾਰਚ ਨੂੰ ਹਰੀਸ਼ ਰਾਣਾ ਨੂੰ ਯੂਥੇਨੇਸੀਆ ਦੀ ਮਨਜ਼ੂਰੀ ਦਿੱਤੀ ਸੀ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਇਜਾਜ਼ਤ ਦਿੱਤੀ ਗਈ। ਇਸ ਤੋਂ ਬਾਅਦ 14 ਮਾਰਚ ਨੂੰ ਉਨ੍ਹਾਂ ਨੂੰ ਗਾਜ਼ੀਆਬਾਦ ਸਥਿਤ ਘਰ ਤੋਂ ਏਮਜ਼, ਦਿੱਲੀ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ 16 ਮਾਰਚ ਨੂੰ ਉਨ੍ਹਾਂ ਦੀ ਫੀਡਿੰਗ ਟਿਊਬ ਹਟਾ ਦਿੱਤੀ ਗਈ ਸੀ।
Posted By: Daily Suraj Bureau