Daily Suraj

ਪੰਜਾਬੀ

18ਵੇਂ ਬ੍ਰਿਕਸ ਸੰਮੇਲਨ 'ਚ 'ਨਵੀਂ ਦਿੱਲੀ ਐਲਾਨਨਾਮੇ' 'ਤੇ ਮੋਹਰ, ਦਹਿਸ਼ਤਗਰਦੀ ਖ਼ਿਲਾਫ਼ ਸਾਂਝੀ ਕਾਰਵਾਈ 'ਤੇ ਜ਼ੋਰ

13 Sep, 2026 07:04 PM

ਰਾਜਧਾਨੀ ਦਿੱਲੀ ਵਿੱਚ ਆਯੋਜਿਤ 18ਵੇਂ ਬ੍ਰਿਕਸ (BRICS) ਸੰਮੇਲਨ ਦੌਰਾਨ ਭਾਰਤ ਨੂੰ ਵੱਡੀ ਕੂਟਨੀਤਕ ਸਫ਼ਲਤਾ ਹਾਸਲ ਹੋਈ ਹੈ। ਪੱਛਮੀ ਏਸ਼ੀਆ ਦੇ ਸੰਕਟ 'ਤੇ ਸੰਯੁਕਤ ਅਰਬ ਅਮੀਰਾਤ (UAE) ਅਤੇ ਈਰਾਨ ਵਿਚਾਲੇ ਮੌਜੂਦ ਤਿੱਖੇ ਮਤਭੇਦਾਂ ਦੇ ਬਾਵਜੂਦ, ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਸਰਬਸੰਮਤੀ ਨਾਲ 'ਨਵੀਂ ਦਿੱਲੀ ਘੋਸ਼ਣਾ ਪੱਤਰ' 'ਤੇ ਸਹਿਮਤੀ ਜਤਾਈ। ਇਸ ਸਾਂਝੇ ਐਲਾਨਨਾਮੇ ਵਿੱਚ ਅੱਤਵਾਦ, ਟੈਰਰ ਫੰਡਿੰਗ, ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਅਤੇ ਸਾਈਬਰ ਧੋਖਾਧੜੀ ਖ਼ਿਲਾਫ਼ ਸਖ਼ਤ ਆਲਮੀ ਕਾਰਵਾਈ ਕਰਨ ਦਾ ਸੰਕਲਪ ਲਿਆ ਗਿਆ। "ਬਿਲਡਿੰਗ ਫਾਰ ਰਿਸੀਲੈਂਸ, ਇਨੋਵੇਸ਼ਨ, ਕੋਆਪਰੇਸ਼ਨ ਐਂਡ ਸਸਟੇਨੇਬਿਲਟੀ" ਸਿਰਲੇਖ ਹੇਠ ਜਾਰੀ ਕੀਤੇ ਗਏ 45 ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ ਅਪ੍ਰੈਲ 2025 ਦੌਰਾਨ ਜੰਮੂ-ਕਸ਼ਮੀਰ ਦੇ ਪਹਿਲਗਾਮ (ਬੈਸਰਨ ਵੈਲੀ) ਵਿਖੇ ਹੋਏ ਅੱਤਵਾਦੀ ਹਮਲੇ ਦੀ ਪੂਰੀ ਸਖ਼ਤੀ ਨਾਲ ਨਿਖੇਧੀ ਕੀਤੀ ਗਈ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਬ੍ਰਿਕਸ ਦੇਸ਼ਾਂ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਨੂੰ ਕਿਸੇ ਵੀ ਧਰਮ, ਨਸਲ ਜਾਂ ਕੌਮੀਅਤ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਅਤੇ ਅੱਤਵਾਦ ਦੇ ਮੁੱਦੇ 'ਤੇ ਦੋਹਰੇ ਮਾਪਦੰਡਾਂ ਨੂੰ ਰੱਦ ਕਰਦਿਆਂ 'ਜ਼ੀਰੋ ਟਾਲਰੈਂਸ' ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਸ਼ਾਸਨ ਵਿੱਚ ਸੁਧਾਰ ਲਈ 10-ਨੁਕਾਤੀ ਰੂਪ-ਰੇਖਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ 'ਗਲੋਬਲ ਸਾਊਥ' ਨੂੰ ਮਹਿਜ਼ ਨਿਯਮ ਮੰਨਣ ਦੀ ਥਾਂ 'ਨਿਯਮ ਤੈਅ ਕਰਨ ਵਾਲਾ' ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਖੇਤਰੀ ਸੰਕਟਾਂ ਦਾ ਸਾਹਮਣਾ ਕਰ ਰਹੇ ਮਲਾਹਾਂ ਲਈ ਇੱਕ 'ਐਮਰਜੈਂਸੀ ਸਹਾਇਤਾ ਨੈੱਟਵਰਕ' ਬਣਾਉਣ ਦੀ ਤਜਵੀਜ਼ ਵੀ ਰੱਖੀ ਅਤੇ ਜ਼ੋਰ ਦਿੱਤਾ ਕਿ ਬ੍ਰਿਕਸ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਇਸ ਦੀ ਏਕਤਾ ਦਾ ਮਕਸਦ ਵਿਸ਼ਵ ਪੱਧਰ 'ਤੇ ਠੋਸ ਨਤੀਜੇ ਹਾਸਲ ਕਰਨਾ ਹੈ। ਇਸ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਈ ਦੁਵੱਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਆਮ ਬਣਾਉਣ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤਿ ਜ਼ਰੂਰੀ ਹੈ। ਦੋਵਾਂ ਨੇਤਾਵਾਂ ਨੇ ਆਪਸੀ ਸਤਿਕਾਰ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤਾਂ ਦੇ ਸਿਧਾਂਤਾਂ 'ਤੇ ਚੱਲਦਿਆਂ ਸਰਹੱਦੀ ਵਿਵਾਦ ਦਾ ਤਰਕਸੰਗਤ ਹੱਲ ਲੱਭਣ ਅਤੇ ਵਪਾਰਕ ਅਸੰਤੁਲਨ ਨੂੰ ਦੂਰ ਕਰਨ 'ਤੇ ਸਹਿਮਤੀ ਪ੍ਰਗਟਾਈ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਲਈ ਇੱਕ ਸ਼ਾਨਦਾਰ ਗਾਲਾ ਡਿਨਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਕਈ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਹਿੱਸਾ ਲਿਆ। ਹਾਲਾਂਕਿ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਇਸ ਰਾਤਰੀ ਭੋਜ ਵਿੱਚ ਸ਼ਾਮਲ ਨਹੀਂ ਹੋਏ। ਸੂਤਰਾਂ ਅਨੁਸਾਰ ਚੀਨੀ ਰਾਸ਼ਟਰਪਤੀ ਥਕਾਵਟ ਕਾਰਨ ਆਰਾਮ ਕਰਨ ਲਈ ਆਪਣੇ ਹੋਟਲ ਚਲੇ ਗਏ ਸਨ।

Posted By: Daily Suraj Bureau

Latest News