ਭਾਰਤ-ਬ੍ਰਾਜ਼ੀਲ ਵਪਾਰ ਨੂੰ ਨਵੀਂ ਉਡਾਣ, 20 ਅਰਬ ਡਾਲਰ ਦਾ ਟਾਰਗੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਭਾਰਤ ਅਤੇ ਬ੍ਰਾਜ਼ੀਲ ਨੇ ਅਗਲੇ ਪੰਜ ਸਾਲਾਂ ਵਿੱਚ ਆਪਣੇ ਦੁਵੱਲੇ ਵਪਾਰ ਨੂੰ 20 ਅਰਬ ਡਾਲਰ ਤੋਂ ਪਾਰ ਲਿਜਾਣ ਦਾ ਟੀਚਾ ਮਿੱਥਿਆ ਹੈ। ਇਹ ਫੈਸਲਾ ਭਾਰਤ ਦੌਰੇ ’ਤੇ ਆਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਹੋਈ ਇੱਕ ਉੱਚ-ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਇਸ ਮੀਟਿੰਗ ਦਾ ਮੁੱਖ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਤਕਨਾਲੋਜੀ, ਊਰਜਾ, ਰੱਖਿਆ ਅਤੇ ਖੇਤੀਬਾੜੀ ਖੇਤਰਾਂ ਵਿੱਚ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲਾਤੀਨੀ ਅਮਰੀਕਾ ਵਿੱਚ ਬ੍ਰਾਜ਼ੀਲ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਉਨ੍ਹਾਂ ਕਿਹਾ ਕਿ ਇਹ ਆਰਥਿਕ ਰਿਸ਼ਤਾ ਸਿਰਫ਼ ਇੱਕ ਅੰਕੜਾ ਨਹੀਂ ਹੈ, ਸਗੋਂ ਇਹ ਦੋਵਾਂ ਦੇਸ਼ਾਂ ਦੇ ਆਪਸੀ ਭਰੋਸੇ ਦਾ ਪ੍ਰਤੀਕ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ 'ਏਆਈ ਇੰਪੈਕਟ ਸਮਿਟ' (AI Impact Summit) ਵਿੱਚ ਹਿੱਸਾ ਲੈਣ ਅਤੇ ਹੋਰ ਦੁਵੱਲੇ ਸਮਝੌਤਿਆਂ ਲਈ ਭਾਰਤ ਆਏ ਹੋਏ ਹਨ। ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ 'ਮਰਕੋਸੁਰ' (MERCOSUR) ਵਪਾਰਕ ਢਾਂਚੇ ਦੇ ਵਿਸਥਾਰ ਬਾਰੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਬ੍ਰਾਜ਼ੀਲ ਵਿੱਚ ਇੱਕ 'ਡਿਜੀਟਲ ਪਬਲਿਕ ਇਨਫਰਾਸਟਰੱਕਚਰ' ਲਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ। ਦੋਵੇਂ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਸੈਮੀਕੰਡਕਟਰ, ਸੁਪਰਕੰਪਿਊਟਿੰਗ ਅਤੇ ਬਲਾਕਚੈਨ ਤਕਨਾਲੋਜੀਆਂ ਵਿੱਚ ਵੀ ਸਹਿਯੋਗ ਵਧਾਉਣਗੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਤਕਨੀਕੀ ਸਹਿਯੋਗ ਨਾ ਸਿਰਫ਼ ਭਾਰਤ ਅਤੇ ਬ੍ਰਾਜ਼ੀਲ ਲਈ ਸਗੋਂ ਪੂਰੀ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ) ਲਈ ਵੀ ਫਾਇਦੇਮੰਦ ਹੋਵੇਗਾ।
Posted By: Daily Suraj Bureau