ਅੰਮ੍ਰਿਤਸਰ ਵਿੱਚ ਕਣਕ ਦੀ ਨਾੜ ਸਾੜਨ ‘ਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ
ਵਧੀਕ ਜਿਲ੍ਹਾ ਮੈਜਿਸਟਰੇਟ ਰੋਹਿਤ ਗੁਪਤਾ ਵੱਲੋਂ ਹੁਕਮ ਜਾਰੀ, 6 ਜੂਨ 2026 ਤੱਕ ਲਾਗੂ ਰਹੇਗਾ ਪ੍ਰਤੀਬੰਧ (ਆਰ.ਕੇ. ਸੋਨੀ) – ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਣਕ ਦੀ ਨਾੜ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀ ਰੋਹਿਤ ਗੁਪਤਾ ਵੱਲੋਂ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਤੇ “ਏਅਰ (ਪ੍ਰਿਵੈਂਸ਼ਨ ਐਂਡ ਕੰਟਰੋਲ) ਐਕਟ, 1981” ਦੀ ਧਾਰਾ 19 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਉਣ ਕਾਰਨ ਵਾਤਾਵਰਣ ਪ੍ਰਦੂਸ਼ਣ ਵੱਧਦਾ ਹੈ ਅਤੇ ਲੋਕਾਂ ਵਿੱਚ ਸਾਹ ਨਾਲ ਸੰਬੰਧਿਤ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਬਣਦਾ ਹੈ। ਇਸ ਤੋਂ ਇਲਾਵਾ, ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ, ਕਿਉਂਕਿ ਮਿੱਟੀ ਵਿੱਚ ਮੌਜੂਦ ਲਾਭਦਾਇਕ ਜੀਵਾਣੂ ਨਸ਼ਟ ਹੋ ਜਾਂਦੇ ਹਨ। ਹੁਕਮਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸੜਕਾਂ ਦੇ ਨੇੜੇ ਨਾੜ ਸਾੜਨ ਨਾਲ ਧੂੰਏਂ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਪਿੰਡਾਂ ਵਿੱਚ ਝਗੜਿਆਂ ਦੀ ਸੰਭਾਵਨਾ ਵੀ ਬਣਦੀ ਹੈ, ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ ਅਤੇ ਦੇਸ਼ ਦੀ ਖੇਤੀ ਉਤਪਾਦਨ ‘ਤੇ ਵੀ ਅਸਰ ਪੈਂਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਪਾਬੰਦੀ ਲਾਗੂ ਕੀਤੀ ਗਈ ਹੈ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 6 ਜੂਨ 2026 ਤੱਕ ਲਾਗੂ ਰਹੇਗਾ।
Posted By: Daily Suraj Bureau