ਹਰਭਜਨ ਸਿੰਘ ਈ ਟੀ ਓ ਬਾਰੇ ਕੀਤੀ ਟਿੱਪਣੀ ਮਾਮਲੇ ਵਿਚ ਪ੍ਰਤਾਪ ਸਿੰਘ ਬਾਜਵਾ ਦਾ ਵਕੀਲ ਹੋਇਆ ਪੇਸ਼
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਸਬੰਧੀ ਕੀਤੀ ਟਿੱਪਣੀ ਮਾਮਲੇ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਤਰਫੋਂ ਉਨ੍ਹਾਂ ਦਾ ਵਕੀਲ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਪ੍ਰਤਾਪ ਸਿੰਘ ਬਾਜਵਾ ਦੀ ਤਰਫੋਂ ਲਿਖਤੀ ਉੱਤਰ ਲੈ ਕੇ ਪੇਸ਼ ਹੋਏ ਵਕੀਲ ਅਰਵਿੰਦ ਕੁਮਾਰ ਸਚਦੇਵਾ ਨੇ ਪ੍ਰਤਾਪ ਸਿੰਘ ਬਾਜਵਾ ਦਾ ਸਪਸ਼ਟੀਕਰਨ ਪੇਸ਼ ਕੀਤਾ ਅਤੇ ਕਿਹਾ ਨੇਤਾ ਵਿਰੋਧੀ ਧਿਰ ਵਲੋਂ ਕੋਈ ਵੀ ਜਾਤੀ ਸੂਚਕ ਟਿੱਪਣੀ ਨਹੀਂ ਕੀਤੀ ਗਈ ਅਤੇ ਆਪਣੇ ਸਪਸ਼ਟੀਕਰਨ ਦੇ ਨਾਲ ਕੁਝ ਹੋਰ ਸਬੰਧਤ ਦਸਤਾਵੇਜ਼ ਵੀ ਪੇਸ਼ ਕੀਤੇ ਗਏ ਅਤੇ ਕੇਸ ਨੂੰ ਦਫਤਰ ਦਾਖਲ ਕਰਨ ਦੀ ਮੰਗ ਕੀਤੀ। ਐਡਵੋਕੇਟ ਸਚਦੇਵਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਤੋਂ ਬਾਹਰ ਹਨ ਅਗਰ ਕੋਈ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਘਾਟ ਹੈ ਤਾਂ 15 ਦਿਨ ਹੋਰ ਦੇਣ ਦੀ ਮੰਗ ਕੀਤੀ ਗਈ।ਸ.ਗੜ੍ਹੀ ਨੇ ਦੱਸਿਆ ਕਿ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅਗਲੇ ਸੁਣਵਾਈ ਲਈ ਅਗਲੀ ਤਰੀਕ 26 ਫਰਵਰੀ 2026 ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਦਸਤਾਵੇਜ਼ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੇ ਵਕੀਲ ਰਾਹੀਂ ਭੇਜੇ ਗਏ ਹਨ ਉਨ੍ਹਾਂ ਬਾਰੇ ਕਾਨੂੰਨੀ ਰਾਏ ਲਈ ਜਾਵੇਗੀ ਉਸ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੋਈ ਫੈਸਲਾ ਲਿਆ ਜਾਵੇਗਾ।
Posted By: Daily Suraj Bureau