Daily Suraj

ਪੰਜਾਬੀ

CM ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਵਿਵਾਦ 'ਚ ਨਵਾਂ ਮੋੜ, ਜਥੇਦਾਰ ਨਾਲ ਹੋਈ ਵਾਰਤਾ ਆਈ ਸਾਹਮਣੇ

20 Jun, 2026 06:13 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੁੜੀ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੀ ਵੀਡੀਓ ਜਨਤਕ ਕਰ ਦਿੱਤੀ ਗਈ ਹੈ। ਇਹ ਵੀਡੀਓ ਉਸ ਪੇਸ਼ੀ ਨਾਲ ਸਬੰਧਤ ਹੈ, ਜਦੋਂ ਮੁੱਖ ਮੰਤਰੀ 15 ਜਨਵਰੀ 2026 ਨੂੰ ਆਪਣੇ ਵਿਰੁੱਧ ਚੱਲ ਰਹੇ ਵੱਖ-ਵੱਖ ਮਸਲਿਆਂ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ। ਉਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਕਾਇਤਾਂ ਨਾਲ ਸਬੰਧਤ ਇੱਕ ਵੱਡਾ ਥੈਲਾ ਵੀ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਸੀ। ਇਸੇ ਦੌਰਾਨ ਵਿਵਾਦਿਤ ਵੀਡੀਓ ਦੇ ਮਾਮਲੇ ਵਿੱਚ ਉਨ੍ਹਾਂ ਕੋਲੋਂ ਜਵਾਬਤਲਬੀ ਵੀ ਕੀਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਸਮੇਂ ਹੋਈ ਪੂਰੀ ਗੱਲਬਾਤ ਦੀ ਵੀਡੀਓਗ੍ਰਾਫੀ ਕਰਵਾਈ ਗਈ ਸੀ, ਜਿਸ ਦੇ ਕੁਝ ਅਹਿਮ ਹਿੱਸੇ ਹੁਣ ਜਨਤਕ ਕੀਤੇ ਗਏ ਹਨ। ਮੁੱਖ ਮੰਤਰੀ ਨੇ ਵੀਡੀਓ ਨੂੰ ਦੱਸਿਆ ਨਕਲੀ ਜਾਰੀ ਕੀਤੀ ਗਈ ਵੀਡੀਓ ਅਤੇ ਆਡੀਓ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਥਿਤ ਵਿਵਾਦਿਤ ਵੀਡੀਓ ਨੂੰ ਪੂਰੀ ਤਰ੍ਹਾਂ ਨਕਲੀ ਕਰਾਰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸ ਮਾਮਲੇ ਦੀ ਮੁਕੰਮਲ ਫੋਰੈਂਸਿਕ ਜਾਂਚ ਚਾਹੁੰਦੇ ਹਨ ਅਤੇ ਇਸ ਲਈ ਲੋੜੀਂਦੀਆਂ ਫੋਰੈਂਸਿਕ ਲੈਬਾਂ ਦੇ ਵੇਰਵੇ ਵੀ ਮੁਹੱਈਆ ਕਰਵਾਉਣ ਲਈ ਤਿਆਰ ਹਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਵੱਧ ਰਹੀ ਹੈ ਅਤੇ ਉਨ੍ਹਾਂ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਦੀਆਂ ਵੀ ਅਜਿਹੀਆਂ ਏ.ਆਈ. ਆਧਾਰਿਤ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਜਥੇਦਾਰ ਨੇ ਫੋਰੈਂਸਿਕ ਜਾਂਚ 'ਤੇ ਦਿੱਤਾ ਜ਼ੋਰ ਗੱਲਬਾਤ ਦੌਰਾਨ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸਰਕਾਰ ਦੋ ਅਜਿਹੀਆਂ ਫੋਰੈਂਸਿਕ ਲੈਬੋਰੇਟਰੀਆਂ ਦੇ ਨਾਂ ਦੱਸੇ, ਜਿੱਥੇ ਇਸ ਵੀਡੀਓ ਦੀ ਵਿਗਿਆਨਕ ਜਾਂਚ ਕਰਵਾਈ ਜਾ ਸਕੇ। ਇਸ 'ਤੇ ਮੁੱਖ ਮੰਤਰੀ ਨੇ ਜਾਂਚ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ। ਜਥੇਦਾਰ ਨੇ ਕਿਹਾ ਕਿ ਇਹ ਮਾਮਲਾ ਗੁਰੂ ਸਾਹਿਬਾਨ ਨਾਲ ਸਬੰਧਤ ਹੋਣ ਕਾਰਨ ਬਹੁਤ ਗੰਭੀਰ ਹੈ। ਜੇਕਰ ਵੀਡੀਓ ਗਲਤ ਸਾਬਤ ਹੁੰਦੀ ਹੈ ਤਾਂ ਕਿਸੇ ਦੀ ਵੀ ਬੇਬੁਨਿਆਦ ਕਿਰਦਾਰਕੁਸ਼ੀ ਨਹੀਂ ਹੋਣੀ ਚਾਹੀਦੀ। ਦੂਜੇ ਪਾਸੇ ਜੇਕਰ ਵੀਡੀਓ ਸਹੀ ਪਾਈ ਜਾਂਦੀ ਹੈ ਤਾਂ ਅਗਲਾ ਫ਼ੈਸਲਾ ਖ਼ਾਲਸਾ ਪੰਥ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਪੱਧਰ 'ਤੇ ਵੀ ਦੋ ਵੱਖ-ਵੱਖ ਫੋਰੈਂਸਿਕ ਲੈਬਾਂ ਤੋਂ ਜਾਂਚ ਕਰਵਾਏਗਾ, ਜਦਕਿ ਸਰਕਾਰ ਨੂੰ ਵੀ ਆਪਣੀ ਤਰਫ਼ੋਂ ਦੋ ਲੈਬਾਂ ਰਾਹੀਂ ਜਾਂਚ ਕਰਵਾਉਣੀ ਚਾਹੀਦੀ ਹੈ। SGPC ਅੰਤ੍ਰਿਗ ਕਮੇਟੀ ਨੂੰ ਵੀ ਸੌਂਪੀ ਗਈ ਰਿਕਾਰਡਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਨਾਲ ਹੋਈ ਇਸ ਗੱਲਬਾਤ ਦੀ ਵੀਡੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅੰਤ੍ਰਿਗ ਕਮੇਟੀ ਨੂੰ ਵੀ ਸੌਂਪ ਦਿੱਤੀ ਗਈ ਹੈ। ਕਮੇਟੀ ਦੇ ਮੈਂਬਰਾਂ ਵੱਲੋਂ ਇਸ ਰਿਕਾਰਡਿੰਗ ਨੂੰ ਧਿਆਨ ਨਾਲ ਦੇਖਿਆ ਅਤੇ ਸੁਣਿਆ ਗਿਆ ਹੈ।

Posted By: Daily Suraj Bureau

Latest News