Daily Suraj

ਪੰਜਾਬੀ

ਜਲੰਧਰ ਵਿੱਚ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ

10 Feb, 2026 11:43 AM

3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਜਲੰਧਰ, ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਗੋਰਾਇਆ (Jalandhar) ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਤੋੜ ਕੇ ਦੂਜੀ ਲੇਨ ‘ਤੇ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਹਗੀਰਾਂ ਦੀ ਸੂਚਨਾ ‘ਤੇ ਗੋਰਾਇਆ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਜਲੰਧਰ ਵਾਲੇ ਪਾਸੇ ਤੋਂ ਲੁਧਿਆਣਾ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਟੋਇਟਾ ਕਾਰ ਦੇ ਪਰਖੱਚੇ ਉੱਡ ਗਏ, ਜਦਕਿ ਟਾਟਾ 407 ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਟਾਟਾ 407 ਦੇ ਡਰਾਈਵਰ ਨੂੰ ਵੀ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸਾਹਿਲ ਮੁਹੰਮਦ (23) ਪੁੱਤਰ ਕਸ਼ਮੀਰ ਮੁਹੰਮਦ, ਦਲਜੀਤ ਭੱਟੀ (20) ਪੁੱਤਰ ਅਵਤਾਰ ਚੰਦ ਅਤੇ ਅਵਤਾਰ ਮਹਿਮੀ (17) ਪੁੱਤਰ ਦੇਸ ਰਾਜ ਮਹਿਮੀ ਵਜੋਂ ਹੋਈ ਹੈ, ਜੋ ਕਿ ਪਿੰਡ ਮੁਠੱਡਾ ਕਲਾਂ, ਥਾਣਾ ਫਿਲੌਰ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਸਨ। ਤਿੰਨੋਂ ਨੌਜਵਾਨ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀ ਸਨ। ਜ਼ਖਮੀ ਟਾਟਾ 407 ਡਰਾਈਵਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਵੱਲ ਜਾ ਰਿਹਾ ਸੀ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਉਸਦੀ ਲੇਨ ਵਿੱਚ ਆ ਗਈ ਅਤੇ ਉਸ ਨਾਲ ਟਕਰਾ ਗਈ। ਸੜਕ ਸੁਰੱਖਿਆ ਫੋਰਸ ਦੇ ਏਐਸਆਈ ਮੱਕੜ ਸਿੰਘ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ਨਾਲ ਫਗਵਾੜਾ ਵੱਲੋਂ ਆ ਰਹੀ ਸੀ। ਟੋਇਟਾ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਇਸ ਕਾਰਨ ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਇੱਕ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਇੱਕ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਤਿੰਨੋਂ ਕਾਰ ਸਵਾਰਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਫਗਵਾੜਾ ਸਿਵਲ ਹਸਪਤਾਲ ਲਿਜਾਇਆ ਗਿਆ।

Posted By: Daily Suraj Bureau

Latest News