Daily Suraj

ਪੰਜਾਬੀ

ਨਿਊ ਅਗਰ ਨਗਰ ’ਚ ਸਹਿਮ: ਪੁੱਤ ਦਾ ਕਤਲ ਕਰਨ ਮਗਰੋਂ ਪਿਤਾ ਨੇ ਖਾਧਾ ਜ਼ਹਿਰ

11 May, 2026 11:26 AM

ਲੁਧਿਆਣਾ ਦੇ ਨਿਊ ਅਗਰ ਨਗਰ ਇਲਾਕੇ ਵਿੱਚ ਐਤਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਸੇਵਾਮੁਕਤ ਫ਼ੌਜੀ ਨੇ ਆਪਣੇ ਹੀ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਖ਼ੁਦ ਵੀ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਫ਼ੌਜੀ ਸੁਰਿੰਦਰ ਸਿੰਘ ਅਤੇ ਉਸ ਦੇ ਪੁੱਤਰ ਗੁਰਸ਼ਰਨ ਸਿੰਘ ਉਰਫ਼ ਗਿੰਨੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਪੰਜ ਸਾਲ ਬਾਅਦ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਸ ਦਾ ਪੁੱਤਰ ਗੁਰਸ਼ਰਨ ਇਸ ਗੱਲ ਦਾ ਲਗਾਤਾਰ ਵਿਰੋਧ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਦੋਵਾਂ ਵਿਚਾਲੇ ਇਸੇ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ। ਤਕਰਾਰ ਇਸ ਕਦਰ ਵਧ ਗਈ ਕਿ ਸੁਰਿੰਦਰ ਸਿੰਘ ਨੇ ਆਪਣੀ ਲਾਇਸੰਸੀ 12 ਬੋਰ ਦੀ ਦੋਨਾਲੀ ਬੰਦੂਕ ਨਾਲ ਗਲੀ ਵਿੱਚ ਦੌੜਾ ਕੇ ਗੁਰਸ਼ਰਨ ’ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਗੁਰਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਕਰੀਬ 10 ਮਿੰਟ ਬਾਅਦ ਸੁਰਿੰਦਰ ਸਿੰਘ ਘਰ ਅੰਦਰ ਗਿਆ ਅਤੇ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ। ਗੁਆਂਢੀਆਂ ਨੇ ਤੁਰੰਤ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਪਿਓ-ਪੁੱਤ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਦੂਜੇ ਵਿਆਹ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਕਲੇਸ਼ ਚੱਲ ਰਿਹਾ ਸੀ। ਮ੍ਰਿਤਕ ਗੁਰਸ਼ਰਨ ਪੇਸ਼ੇ ਤੋਂ ਡਰਾਈਵਰ ਸੀ। ਉਸ ਦੀਆਂ ਦੋਵੇਂ ਭੈਣਾਂ ਵਿਦੇਸ਼ ਵਿੱਚ ਰਹਿੰਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇੰਗਲੈਂਡ ਅਤੇ ਦੂਜੀ ਕੈਨੇਡਾ ਵਿੱਚ ਵੱਸਦੀ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਵਾਰਦਾਤ ਵਿੱਚ ਵਰਤੀ ਗਈ ਲਾਇਸੰਸੀ ਬੰਦੂਕ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Daily Suraj Bureau

Latest News