Daily Suraj

ਪੰਜਾਬੀ

ਰਾਜ ਸਭਾ ਚੋਣਾਂ ਦਾ ਐਲਾਨ: 11 ਸੀਟਾਂ ਲਈ 16 ਅਕਤੂਬਰ ਨੂੰ ਪੈਣਗੀਆਂ ਵੋਟਾਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਾਰਜਕਾਲ ਵੀ ਸਮਾਪਤ

22 Sep, 2026 03:30 PM

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਰਾਜ ਸਭਾ ਦੇ 11 ਮੈਂਬਰਾਂ ਦਾ ਕਾਰਜਕਾਲ ਆਉਂਦੀ 25 ਨਵੰਬਰ ਨੂੰ ਸਮਾਪਤ ਹੋਣ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਅੱਜ ਇਨ੍ਹਾਂ ਸੀਟਾਂ ਲਈ ਚੋਣਾਂ ਦੇ ਮੁਕੰਮਲ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ 11 ਸੀਟਾਂ ਲਈ 16 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ।ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਉੱਤਰ ਪ੍ਰਦੇਸ਼ ਤੋਂ ਛੇ ਸਾਲਾਂ ਦੇ ਕਾਰਜਕਾਲ ਲਈ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਵਿੱਚ ਉਹ ਇਸ ਵੇਲੇ ਇੱਕੋ-ਇੱਕ ਸਿੱਖ ਚਿਹਰਾ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਥਾਂ 'ਤੇ ਹੁਣ ਕਿਸ ਨੂੰ ਰਾਜ ਸਭਾ ਭੇਜਿਆ ਜਾਵੇਗਾ, ਇਸ ਉੱਤੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਬਹਤ ਤੇਜ਼ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਰਾਜ ਸਭਾ ਕਾਰਜਕਾਲ ਵੀ 20 ਜੂਨ ਨੂੰ ਖ਼ਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਨਾਮਜ਼ਦਗੀ ਨਹੀਂ ਮਿਲੀ ਸੀ। ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਸਭਾ ਵਿੱਚ ਇਨ੍ਹਾਂ ਸਿੱਖ ਆਗੂਆਂ ਦੀ ਜਗ੍ਹਾ ਕੌਣ ਲਵੇਗਾ, ਇਹ ਵਿਸ਼ਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਤੋਂ ਜਿਨ੍ਹਾਂ ਹੋਰ ਮੁੱਖ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਅਰੁਣ ਸਿੰਘ, ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਸਪੁੱਤਰ ਨੀਰਜ ਸ਼ੇਖਰ, ਸਮਾਜਵਾਦੀ ਪਾਰਟੀ ਦੇ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਡਿਪਟੀ ਸੀ.ਐੱਮ. ਦਿਨੇਸ਼ ਸ਼ਰਮਾ (ਜਿਨ੍ਹਾਂ ਨੂੰ ਹਾਲ ਹੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ ਹੈ) ਸ਼ਾਮਲ ਹਨ।ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਇਨ੍ਹਾਂ ਚੋਣਾਂ ਲਈ ਅਧਿਕਾਰਤ ਨੋਟੀਫਿਕੇਸ਼ਨ 29 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ, ਜਦੋਂਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 6 ਅਕਤੂਬਰ ਤੈਅ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੋਂ ਇਲਾਵਾ ਉੱਤਰਾਖੰਡ ਦੀ ਵੀ 1 ਰਾਜ ਸਭਾ ਸੀਟ ਉੱਤੇ ਚੋਣ ਹੋਵੇਗੀ। ਉੱਤਰਾਖੰਡ ਤੋਂ ਮੌਜੂਦਾ ਰਾਜ ਸਭਾ ਮੈਂਬਰ ਨਰੇਸ਼ ਬੰਸਲ ਦਾ ਕਾਰਜਕਾਲ ਵੀ 25 ਨਵੰਬਰ ਨੂੰ ਹੀ ਸਮਾਪਤ ਹੋ ਰਿਹਾ ਹੈ।

Posted By: Daily Suraj Bureau

Latest News