Daily Suraj

ਪੰਜਾਬੀ

ਪਹਿਲਗਾਮ ਦਹਿਸ਼ਤੀ ਹਮਲੇ ਤੇ ਅਪਰੇਸ਼ਨ ਸਿੰਧੂਰ ਨੂੰ ਲੈ ਕੇ ਸੰਸਦ ਵਿਚ ਹੰਗਾਮਾ, ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ

22 Jul, 2025 01:33 AM

ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ। ਵਿਰੋਧੀ ਧਿਰਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ, ਅਪਰੇਸ਼ਨ ਸਿੰਧੂਰ ਅਤੇ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ (SIR) ਦੀ ਵਰਤੋਂ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਦੀ ਮੰਗ ਕੀਤੀ। ਲੋਕ ਸਭਾ ਦੀ ਕਾਰਵਾਈ ਵਿਚ ਅੱਜ ਤਿੰਨ ਵਾਰ ਮੁਲਤਵੀ ਕਰਨੀ ਪਈ। ਪਹਿਲਾਂ ਦੁਪਹਿਰੇ 12ਵਜੇ, ਮਗਰੋਂ ਬਾਅਦ ਦੁਪਹਿਰ ਦੋ ਵਜੇ ਤੇ ਫਿਰ ਸ਼ਾਮੀਂ 4 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ, ਪਰ ਬਾਅਦ ਵਿਚ ਇਸ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਉਧਰ ਰਾਜ ਸਭਾ ਵਿਚ ਵੀ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ। ਰਾਜ ਸਭਾ ਦੀ ਕਾਰਵਾਈ ਨੂੰ ਵੀ ਇਕ ਵਾਰ 12 ਵਜੇ ਤੱਕ ਮੁਲਤਵੀ ਕਰਨਾ ਪਿਆ।



ਇਸ ਤੋਂ ਪਹਿਲਾਂ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਰਵਾਇਤੀ ਤੌਰ ’ਤੇ ਰਾਸ਼ਟਰੀ ਗੀਤ ਦੀ ਧੁਨ ਨਾਲ ਸ਼ੁਰੂ ਹੋਈ। ਫਿਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਸੱਤ ਸਾਬਕਾ ਮੈਂਬਰਾਂ ਕਿਸ਼ਨ ਕਪੂਰ, ਭਗਤ ਰਾਮ, ਕੁਮਾਰੀ ਅਨੰਤਨ, ਗਿਰਿਜਾ ਵਿਆਸ, ਮਿਨਾਤੀ ਸੇਨ, ਸੁਖਦੇਵ ਸਿੰਘ ਢੀਂਡਸਾ ਅਤੇ ਛੋਟੇ ਸਿੰਘ ਯਾਦਵ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਅਹਿਮਦਾਬਾਦ ਜਹਾਜ਼ ਹਾਦਸੇ ਦਾ ਜ਼ਿਕਰ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


ਲੋਕ ਸਭਾ ਸਪੀਕਰ ਨੇ ਹਾਲ ਹੀ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਕੁਦਰਤੀ ਆਫ਼ਤਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਵੀ ਜ਼ਿਕਰ ਕੀਤਾ। ਇਸ ਤੋਂ ਬਾਅਦ, ਸਦਨ ਨੇ ਕੁਝ ਸਮੇਂ ਲਈ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਲੋਕ ਸਭਾ ਸਪੀਕਰ ਬਿਰਲਾ ਨੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਸਫਲ ਪੁਲਾੜ ਮਿਸ਼ਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸੈਸ਼ਨ ਵਿੱਚ ਪੁਲਾੜ ਦੇ ਵਿਸ਼ੇ ’ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਇਸ ਤੋਂ ਬਾਅਦ, ਜਿਵੇਂ ਹੀ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।


ਉਨ੍ਹਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ, ਆਪ੍ਰੇਸ਼ਨ ਸਿੰਧੂਰ ਨੂੰ ਰੋਕਣ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚੋਲਗੀ ਦੇ ਦਾਅਵਿਆਂ ਅਤੇ ਬਿਹਾਰ ਵਿੱਚ SIR ਵਰਗੇ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ। ਉਹ ਕੁਰਸੀ ਦੇ ਨੇੜੇ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ। ਲੋਕ ਸਭਾ ਸਪੀਕਰ ਨੇ ਕਿਹਾ ਕਿ ਉਹ ਪ੍ਰਸ਼ਨ ਕਾਲ ਤੋਂ ਬਾਅਦ ਸਾਰੇ ਮੁੱਦਿਆਂ _ਤੇ ਚਰਚਾ ਕਰਨ ਲਈ ਤਿਆਰ ਹਨ। ਹੰਗਾਮੇ ਦੇ ਵਿਚਕਾਰ, ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਹਰਸ਼ ਮਲਹੋਤਰਾ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਕੁਝ ਪੂਰਕ ਸਵਾਲਾਂ ਦੇ ਜਵਾਬ ਦਿੱਤੇ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਈ ਵਾਰ ਆਪਣੀਆਂ ਸੀਟਾਂ ’ਤੇ ਜਾਣ ਅਤੇ ਸਦਨ ਨੂੰ ਚੱਲਣ ਦੇਣ ਦੀ ਅਪੀਲ ਕੀਤੀ। ਜਦੋਂ ਨਾਅਰੇਬਾਜ਼ੀ ਬੰਦ ਨਹੀਂ ਹੋਈ, ਤਾਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।


ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਪਹਿਲਗਾਮ ਦਹਿਸ਼ਤੀ ਹਮਲੇ ਤੇ ਆਪਰੇਸ਼ਨ ਸਿੰਧੂਰ ਨਾਲ ਜੁੜੇ ਫਿਕਰਾਂ ’ਤੇ ਚਰਚਾ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰਨ ਦੇ ਨੋਟਿਸ ਦਿੱਤੇ। ਸੰਸਦ ਦਾ ਮੌਨਸੂਨ ਸੈਸ਼ਨ ਸੋਮਵਾਰ (21 ਜੁਲਾਈ) ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਕੁੱਲ 21 ਮੀਟਿੰਗਾਂ ਦਾ ਪ੍ਰਸਤਾਵ ਹੈ।


ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਲੋਕ ਸਭਾ ਵਿੱਚ ਮੁਲਤਵੀ ਨੋਟਿਸ ਦਿੱਤਾ ਜਿਸ ਵਿੱਚ ਪਹਿਲਗਾਮ ਹਮਲੇ ਵਿੱਚ ‘ਸੁਰੱਖਿਆ ਖਾਮੀਆਂ’ ਅਤੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਵਿਦੇਸ਼ ਨੀਤੀ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਗਈ। ਕਾਂਗਰਸ ਦੇ ਲੋਕ ਸਭਾ ਮੈਂਬਰ ਅਮਰ ਸਿੰਘ ਨੇ ਇੱਕ ਨੋਟਿਸ ਦਿੱਤਾ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਦਨ ਵਿੱਚ ਨਿਰਧਾਰਿਤ ਸਾਰੇ ਕੰਮ ਮੁਲਤਵੀ ਕੀਤੇ ਜਾਣ ਅਤੇ ਪਹਿਲਗਾਮ ਦਹਿਸ਼ਤੀ ਹਮਲੇ, ਇਸ ਤੋਂ ਬਾਅਦ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਅਤੇ ਵਿਦੇਸ਼ ਨੀਤੀ ਦੇ ਮੁੱਦੇ ਨਾਲ ਸਬੰਧਤ ‘ਸੁਰੱਖਿਆ ਖਾਮੀਆਂ’ ’ਤੇ ਚਰਚਾ ਕੀਤੀ ਜਾਵੇ। ਰਾਜ ਸਭਾ ਵਿੱਚ, ਕਾਂਗਰਸ ਮੈਂਬਰ ਰਣਦੀਪ ਸੁਰਜੇਵਾਲਾ ਨੇ ਨਿਯਮ 267 ਤਹਿਤ ਇੱਕ ਨੋਟਿਸ ਦਿੱਤਾ ਅਤੇ ਕਿਹਾ ਕਿ ਸਦਨ ਵਿੱਚ ਸਾਰਾ ਕੰਮਕਾਜ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਹਿਲਗਾਮ ਅਤਿਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਨਾਲ ਸਬੰਧਤ ਚਿੰਤਾਵਾਂ ’ਤੇ ਚਰਚਾ ਹੋਣੀ ਚਾਹੀਦੀ ਹੈ।

Posted By: Daily Suraj Bureau

Latest News