ਏਐੱਨਟੀਐੱਫ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 12.1 ਕਿਲੋ ਹੈਰੋਇਨ ਸਣੇ ਇੱਕ ਮੁਲਜ਼ਮ ਗ੍ਰਿਫ਼ਤਾਰ
ਪੰਜਾਬ ਵਿੱਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਫਿਰੋਜ਼ਪੁਰ ਰੇਂਜ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 12 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਤਾਰ ਪਾਕਿਸਤਾਨ ਸਥਿਤ ਹੈਂਡਲਰ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਡੀਜੀਪੀ ਪੰਜਾਬ ਅਤੇ ਏਡੀਜੀਪੀ ਏਐੱਨਟੀਐੱਫ ਨਿਲਾਭ ਕਿਸ਼ੋਰ ਦੇ ਨਿਰਦੇਸ਼ਾਂ ਅਨੁਸਾਰ, ਐੱਸਪੀ ਗੁਰਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਡੀਐੱਸਪੀ ਪ੍ਰਿਥੀਪਾਲ ਸਿੰਘ ਅਤੇ ਸਬ-ਇੰਸਪੈਕਟਰ ਹਰਦੇਵ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਹ ਕਾਰਵਾਈ ਕੀਤੀ। ਆਪਰੇਸ਼ਨ ਦੌਰਾਨ 12 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕਰਨ ਦੇ ਨਾਲ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਸਟੇਸ਼ਨ ਏਐੱਨਟੀਐੱਫ ਐੱਸਏਐੱਸ ਨਗਰ ਵਿੱਚ ਐੱਨਡੀਪੀਐੱਸ ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਦੀ ਪਛਾਣ ਜਗਸੀਰ ਸਿੰਘ ਉਰਫ਼ ਲਵੀ ਵਾਸੀ ਪਿੰਡ ਬਾਦਲ ਕੇ ਉਤਾੜ, ਥਾਣਾ ਅਮੀਰ ਖਾਸ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਡਿਪਲੋਮਾ ਦਾ ਵਿਦਿਆਰਥੀ ਹੈ ਅਤੇ ਉਸ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ। ਮੁੱਢਲੀ ਪੁੱਛਗਿੱਛ ਵਿੱਚ ਇੱਕ ਆਧੁਨਿਕ ਅਤੇ ਤਕਨੀਕੀ ਤੌਰ 'ਤੇ ਸਮਰੱਥ ਡਰੱਗ ਤਸਕਰੀ ਨੈੱਟਵਰਕ ਬਾਰੇ ਜਾਣਕਾਰੀ ਮਿਲੀ ਹੈ। ਜਾਂਚ ਅਨੁਸਾਰ ਜਗਸੀਰ ਸਿੰਘ ਇਸ ਸਿੰਡੀਕੇਟ ਵਿੱਚ 'ਦੂਜੀ ਲਾਈਨ ਦੇ ਕੋਰੀਅਰ' ਵਜੋਂ ਕੰਮ ਕਰ ਰਿਹਾ ਸੀ। ਉਹ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਗਈ ਨਸ਼ੇ ਦੀ ਖੇਪ ਸਿੱਧੀ ਪ੍ਰਾਪਤ ਨਹੀਂ ਕਰਦਾ ਸੀ, ਸਗੋਂ ਪਹਿਲੇ ਪੱਧਰ ਦੇ ਕੋਰੀਅਰਾਂ ਤੋਂ ਇਹ ਖੇਪ ਇਕੱਠੀ ਕਰਦਾ ਸੀ। ਪੁਲੀਸ ਮੁਤਾਬਕ ਉਸ ਨੂੰ ਪਾਕਿਸਤਾਨ ਦੇ ਕਸੂਰ ਖੇਤਰ ਨਾਲ ਸਬੰਧਤ ਇੱਕ ਵਿਦੇਸ਼ੀ ਹੈਂਡਲਰ, ਜਿਸ ਨੂੰ 'ਚਾਚਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਇਹ ਖੇਪ ਅੱਗੇ ਇੱਕ ਸਥਾਨਕ ਪ੍ਰਾਪਤਕਰਤਾ ਤੱਕ ਪਹੁੰਚਾਈ ਜਾਣੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪ੍ਰਾਪਤਕਰਤਾ ਆਸਟਰੇਲੀਆਈ ਵਰਚੁਅਲ ਵਟਸਐਪ ਨੰਬਰ ਦੀ ਆੜ ਹੇਠ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੀ। ਪੁਲੀਸ ਵੱਲੋਂ ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਜਾਰੀ ਹੈ।
Posted By: Daily Suraj Bureau