ਲੁਧਿਆਣਾ ’ਚ ਮਹਿੰਗੀਆਂ ਬੋਤਲਾਂ ‘ਚ ਸਸਤੀ ਸ਼ਰਾਬ ਵੇਚਣ ਦਾ ਖੁਲਾਸਾ, ਇੱਕ ਕਾਬੂ
ਕੀ ਤੁਸੀਂ ਵੀ ਮਹਿੰਗੀ ਸ਼ਰਾਬ ਦੇ ਸ਼ੌਕੀਨ ਹੋ ਅਤੇ ਕਈਵਾਰ ਘੱਰ ਰੇਟ ਦੇ ਚੱਕਰ ’ਚ ਬਾਹਰੋਂ ਬੋਤਲ ਖਰੀਦ ਕੇ ਮਹਿਫ਼ਿਲ ਸਜਾਉਂਦੇ ਹੋ? ਜੇ ਤੁਹਾਨੂੰ ਆਪਣੀ ਪਸੰਦੀਦਾ ਮਹਿੰਗੀ ਸ਼ਰਾਬ ਦਾ ਸਵਾਦ ਕੁਝ ਬਦਲਿਆ-ਬਦਲਿਆ ਜਿਹਾ ਲੱਗ ਰਿਹਾ ਹੈ, ਤਾਂ ਸਾਵਧਾਨ ਹੋ ਜਾਵੋ, ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਮਹਿੰਗੇ ਬ੍ਰਾਂਡ ਦੀ ਬੋਤਲ ਵਿੱਚ ‘ਦੇਸੀ ਜੁਗਾੜ’ ਵਾਲੀ ਸਸਤੀ ਸ਼ਰਾਬ ਪੀ ਰਹੇ ਹੋਵੋ। ਲੁਧਿਆਣਾ ਦੇ ਆਬਕਾਰੀ ਅਤੇ ਕਰ ਵਿਭਾਗ ਨੇ ਇੱਕ ਅਜਿਹੇ ਹੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਹੋਟਲ ਦੀ ਪਾਰਕਿੰਗ ਵਿੱਚ ਬੈਠ ਕੇ ਮਹਿੰਗੇ ਬ੍ਰਾਂਡਾਂ ਜਿਵੇਂ ਗਲੈਨਫਿਡਿਚ, ਜੌਨੀ ਵਾਕਰ ਅਤੇ ਚਿਵਾਸ ਰੀਗਲ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰੀ ਜਾ ਰਹੀ ਸੀ। ਇੱਕ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇੱਥੇ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਦੀ ਰੀਫਿਲਿੰਗ ਕਰਨ ਵਾਲੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਈ ਆਈ ਅਮਨਦੀਪ ਸਿੰਘ, ਈ ਆਈ ਨਵਦੀਪ ਸਿੰਘ ਅਤੇ ਈ ਆਈ ਅਮਿਤ ਗੋਇਲ ਵੱਲੋਂ ਆਬਕਾਰੀ ਪੁਲੀਸ ਸਟਾਫ ਅਤੇ ਪੁਲੀਸ ਸਟਾਫ ਪੀ ਐੱਸ ਮੋਤੀ ਨਗਰ ਲੁਧਿਆਣਾ ਦੇ ਨਾਲ ਮਿਲ ਕੇ ਕੀਤੀ ਗਈ। ਕਾਰਵਾਈ ਦੌਰਾਨ ਚੰਡੀਗੜ੍ਹ ਰੋਡ 'ਤੇ ਸਥਿਤ ਹੋਟਲ ਰੀਗਲ ਬਲੂ ਦੀ ਪਾਰਕਿੰਗ ਵਿੱਚ ਬੋਤਲਾਂ ਭਰ ਰਹੇ ਲਵਲੇਸ਼ ਵਰਮਾ ਪੁੱਤਰ ਰਾਜੇਸ਼ ਕੁਮਾਰ ਵਰਮਾ ਨਾਮ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਕੋਲ ਸਿਵਲ ਲਾਈਨ ਇਲਾਕੇ, ਕੁੰਦਨ ਪੁਰੀ ਸਥਿਤ ਉਸਦੀ ਰਿਹਾਇਸ਼ 'ਤੇ ਰੀਫਿਲਿੰਗ ਲਈ ਹੋਰ ਖਾਲੀ ਬੋਤਲਾਂ ਉਪਲਬਧ ਹਨ ਅਤੇ ਨਤੀਜੇ ਵਜੋਂ ਉਸਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਗਈ, ਜਿਸ ਨਾਲ ਬੀ.ਆਈ.ਓ. (BIO) ਬ੍ਰਾਂਡਾਂ ਅਤੇ ਸਸਤੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਸਮੇਤ ਢੱਕਣ (caps) ਬਰਾਮਦ ਹੋਏ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਰੀਫਿਲ ਕੀਤੀਆਂ ਮਹਿੰਗੇ ਬ੍ਰਾਂਡਾਂ ਦੀਆਂ 51 ਬੋਤਲਾਂ ਬਰਾਮਦ ਕੀਤੀਆਂ ਹਨ, ਜਿੰਨ੍ਹਾ ਵਿੱਚ ਗਲੈਨਫਿਡਿਚ 12 ਸਾਲ - 13 ਬੋਤਲਾਂ, ਗੋਲਡ ਲੇਬਲ - 6 ਬੋਤਲਾਂ, ਮੰਕੀ ਸ਼ੋਲਡਰ - 1 ਬੋਤਲ, ਜੌਨੀ ਵਾਕਰ 18 ਸਾਲ - 6 ਬੋਤਲਾਂ, ਮੈਕਾਲਨ - 6 ਬੋਤਲਾਂ, ਸਿੰਗਲਟਨ - 1 ਬੋਤਲ, ਬਲੈਕ ਲੇਬਲ - 6 ਬੋਤਲਾਂ, ਚਿਵਾਸ ਰੀਗਲ 18 ਸਾਲ - 12 ਬੋਤਲਾਂ ਇਸ ਸਬੰਧੀ ਵਿਭਾਗ ਵੱਲੋਂ ਪੁਲੀਸ ਸਟੇਸ਼ਨ ਮੋਤੀ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲੀਸ ਹਿਰਾਸਤ ਵਿੱਚ ਹੋਰ ਪੁੱਛਗਿੱਛ ਅਤੇ ਜਾਂਚ ਦੌਰਾਨ ਮੁਲਜ਼ਮਾਂ ਤੋਂ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਆਬਕਾਰੀ ਅਤੇ ਕਰ ਕਮਿਸ਼ਨਰ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਲਈ ਜ਼ੀਰੋ ਟੋਲਰੈਂਸ ਹੈ, ਨਾਜਾਇਜ਼ ਸ਼ਰਾਬ, ਮਿਲਾਵਟੀ ਸ਼ਰਾਬ ਅਤੇ ਰਾਜ ਦੇ ਅੰਦਰ ਤੇ ਬਾਹਰੋਂ ਹੋਣ ਵਾਲੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਐਨਫੋਰਸਮੈਂਟ ਗਤੀਵਿਧੀਆਂ ਪੂਰੇ ਜ਼ੋਰਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕਈ ਵੱਡੇ ਬ੍ਰੈਂਡਾਂ ਦੀਆਂ 80 ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਮਾਸਟਰ ਬਲੈਂਡਰਜ਼ ਸਿਗਨੇਚਰ ਪ੍ਰੀਮੀਅਰ - 39 ਬੋਤਲਾਂ, ਰਾਇਲ ਸਟੈਗ - 14 ਬੋਤਲਾਂ, ਦਿ ਸਿੰਗਲਟਨ - 4 ਬੋਤਲਾਂ, ਸਿਰੋਕ ਵੋਡਕਾ - 6 ਬੋਤਲਾਂ, ਐਬਸੋਲਿਊਟ ਵੋਡਕਾ - 6 ਬੋਤਲਾਂ, ਦਿ ਮੈਕਾਲਨ 12 ਸਾਲ - 2 ਬੋਤਲਾਂ, ਦਿ ਮੈਕਾਲਨ ਕੁਐਸਟ 1 ਲੀਟਰ - 1 ਬੋਤਲ, ਚਿਵਾਸ ਰੀਗਲ - 4 ਬੋਤਲਾਂ, ਦਿ ਗਲੈਨਲਿਵਿਟ 18 ਸਾਲ - 1 ਬੋਤਲ, ਜੇਮਸਨ - 1 ਬੋਤਲ, ਗਲੈਨਫਿਡਿਚ 15 ਸਾਲ - 1 ਬੋਤਲ, ਐਕਸ.ਆਰ. (XR) 21 ਸਾਲ - 1 ਬੋਤਲ ਸ਼ਮਲ ਹੈ।
Posted By: Daily Suraj Bureau