Daily Suraj

ਪੰਜਾਬੀ

ਨਿਰਮਾਣ ਜ਼ੋਨ ਵਿੱਚ ਤੇਜ਼ ਰਫ਼ਤਾਰ ਬਣੀ ਹਾਦਸੇ ਦਾ ਕਾਰਨ, ਅਦਾਲਤ ਨੇ ਸੁਣਾਇਆ ਫੈਸਲਾ

16 May, 2026 03:27 PM

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਓਲੰਪਿਕ ਫਿਗਰ ਸਕੇਟਰ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਨੂੰ ਢਾਈ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਓਰੇਂਜਵਿਲ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਸੁਪੀਰੀਅਰ ਕੋਰਟ ਦੇ ਜਸਟਿਸ ਕਲੇਟਨ ਕਾਨਲਨ ਨੇ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਸੁਖਵਿੰਦਰ ਸਿੱਧੂ ਨੇ ਖਤਰਨਾਕ ਡਰਾਈਵਿੰਗ ਕਾਰਨ ਮੌਤ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਕਬੂਲ ਕਰ ਲਏ ਸਨ। ਇਹ ਹਾਦਸਾ ਅਗਸਤ 2023 ਵਿੱਚ ਟੋਰਾਂਟੋ ਦੇ ਉੱਤਰੀ ਇਲਾਕੇ ਵਿੱਚ ਵਾਪਰਿਆ ਸੀ। ਇਸ ਹਾਦਸੇ ਵਿੱਚ ਓਲੰਪਿਕ ਫਿਗਰ ਸਕੇਟਰ ਅਲੈਕਜ਼ੈਂਡਰਾ ਪੌਲ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਨਿੱਕਾ ਪੁੱਤਰ ਅਤੇ ਹੋਰ ਕਈ ਲੋਕ ਜ਼ਖ਼ਮੀ ਹੋਏ ਸਨ। ਅਦਾਲਤ ਵਿੱਚ ਪੇਸ਼ ਕੀਤੇ ਗਏ ਵੇਰਵਿਆਂ ਮੁਤਾਬਕ 23 ਅਗਸਤ 2023 ਨੂੰ ਸੁਖਵਿੰਦਰ ਸਿੱਧੂ ਮੇਲੈਂਕਥਨ ਟਾਊਨਸ਼ਿਪ ਵਿੱਚ ਕਾਊਂਟੀ ਰੋਡ 124 ’ਤੇ ਤੇਜ਼ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ। ਇਹ ਸੜਕ ਓਰੇਂਜਵਿਲ ਅਤੇ ਕਾਲਿੰਗਵੁੱਡ ਦੇ ਵਿਚਕਾਰ ਸਥਿਤ ਹੈ। ਸੁਣਵਾਈ ਦੌਰਾਨ ਦੱਸਿਆ ਗਿਆ ਕਿ ਟਰੱਕ ਇੱਕ ਨਿਰਮਾਣ ਜ਼ੋਨ ਵਿੱਚ ਦਾਖ਼ਲ ਹੋਇਆ ਅਤੇ ਉੱਥੇ ਖੜ੍ਹੀਆਂ ਗੱਡੀਆਂ ਨਾਲ ਜਾ ਟਕਰਾਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਟਰੱਕ ਦੀ ਰਫ਼ਤਾਰ ਕਰੀਬ 107 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦਕਿ ਉਸ ਇਲਾਕੇ ਵਿੱਚ ਗਤੀ ਸੀਮਾ 60 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਗਈ ਸੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਸਿੱਧੂ ਪਹਿਲਾਂ ਵੀ ਕਈ ਵਾਰ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਚਲਾਨਾਂ ਦਾ ਸਾਹਮਣਾ ਕਰ ਚੁੱਕਾ ਸੀ। ਹਾਦਸੇ ਵੇਲੇ ਉਹ ਘੱਟੋ-ਘੱਟ 16 ਘੰਟਿਆਂ ਤੋਂ ਲਗਾਤਾਰ ਡਰਾਈਵ ਕਰ ਰਿਹਾ ਸੀ ਅਤੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਕੰਮ ’ਤੇ ਸੀ। ਅਦਾਲਤ ਨੇ ਸਜ਼ਾ ਦੇ ਨਾਲ ਇਹ ਹੁਕਮ ਵੀ ਦਿੱਤਾ ਕਿ ਕੈਦ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸੁਖਵਿੰਦਰ ਸਿੱਧੂ ’ਤੇ ਸੱਤ ਸਾਲ ਲਈ ਡਰਾਈਵਿੰਗ ਕਰਨ ’ਤੇ ਪਾਬੰਦੀ ਰਹੇਗੀ।

Posted By: Daily Suraj Bureau

Latest News